*1 ਨਵੰਬਰ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ..!ਜ਼ਿਲ੍ਹਾ ਚੋਣ ਅਫ਼ਸਰ ਨੇ ਕੀਤੀ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ*

0
47

ਮਾਨਸਾ, 03 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜੇਕਰ ਕਿਸੇ ਵਿਧਾਨ ਸਭਾ ਚੋਣ ਹਲਕੇ ਵਿੱਚ ਸਹਾਇਕ ਪੋਲਿੰਗ ਸਟੇਸ਼ਨ ਬਣੇ ਹੋਏ ਹਨ ਜਾਂ ਕਿਸੇ ਪੋਲਿੰਗ ਸਟੇਸ਼ਨ ’ਤੇ ਵੋਟਰਾਂ ਦੀ ਗਿਣਤੀ 1200 ਤੋਂ ਵੱਧ ਹੈ ਤਾਂ ਉਸਨੂੰ ਰੈਸ਼ਨਲਾਈਜੇਸ਼ਨ ਕਰਕੇ ਕਰਕੇ ਨਵੇਂ ਪੋਲਿੰਗ ਸਟੇਸ਼ਨ ਬਣਾਉਣ ਲਈ ਤਜਵੀਜ਼ ਭੇਜੀ ਜਾਵੇ। ਡਿਪਟੀ ਕਮਿਸ਼ਨਰ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕਾ 96-ਮਾਨਸਾ ਵਿੱਚ 207 ਪੋਲਿੰਗ ਸਟੇਸ਼ਨ, 97-ਸਰਦੂਲਗੜ੍ਹ ਵਿੱਚ 200 ਪੋਲਿੰਗ ਸਟੇਸ਼ਨ ਅਤੇ 98-ਬੁਢਲਾਡਾ (ਅ.ਜ.) ਵਿੱਚ 203 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕੁੱਲ 610 ਪੋਲਿੰਗ ਸਟੇਸ਼ਨ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ ਦੀ ਰੈਸਨੇਲਾਈਜੇਸ਼ਨ ਉਪਰੰਤ ਵਿਧਾਨ ਸਭਾ ਚੋਣ ਹਲਕਾ 96 ਮਾਨਸਾ ਵਿੱਚ 223 ਪੋਲਿੰਗ ਸਟੇਸ਼ਨ, ਸਰਦੂਲਗੜ੍ਹ ਵਿਖੇ 206 ਅਤੇ ਬੁਢਲਾਡਾ ਵਿੱਚ 216 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣ ਦੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਸਥਾਪਿਤ ਕੀਤੇ ਜਾਣ ਵਾਲੇ ਪੋਲਿੰਗ ਸਟੇਸ਼ਨਾਂ ਦੀ ਸੂਚੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪਦਿਆ ਕਿਹਾ ਕਿ ਜੇਕਰ ਇਸ ਸਬੰਧੀ ਕੋਈ ਸੁਝਾਅ ਜਾਂ ਸ਼ਿਕਾਇਤ ਹੈ ਤਾਂ ਉਹ 2 ਦਿਨਾਂ ਦੇ ਅੰਦਰ-ਅੰਦਰ ਇਸ ਦਫ਼ਤਰ ਨੂੰ ਭੇਜਣ। ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 1 ਨਵੰਬਰ 2021 ਨੂੰ ਕੀਤੀ ਜਾਵੇਗੀ ਅਤੇ 30 ਨਵੰਬਰ 2021 ਤੱਕ ਦਾਅਵੇ ਜਾਂ ਇਤਰਾਜ ਭਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 6 ਤੇ 7 ਨਵੰਬਰ ਅਤੇ 20 ਤੇ 21 ਨਵੰਬਰ 2021 ਨੂੰ ਸਪੈਸ਼ਲ ਕੈਂਪ ਲਗਾਏ ਜਾਣਗੇ, ਜਿਨ੍ਹਾਂ ਵਿੱਚ ਬੂਥ ਲੈਵਲ ਅਫ਼ਸਰ ਪੋਲਿੰਗ ਸਟੇਸ਼ਨਾਂ ’ਤੇ ਹਾਜ਼ਰ ਰਹਿ ਕੇ ਦਾਅਵੇ ਤੇ ਇਤਰਾਜ ਪ੍ਰਾਪਤ ਕਰਨਗੇ। ਉਨ੍ਹਾਂ ਦੱਸਿਆ ਕਿ 20 ਦਸੰਬਰ 2021 ਨੂੰ ਪ੍ਰਾਪਤ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 05 ਜਨਵਰੀ 2022 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਕੀਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਅਨੁਸਾਰ ਜਿਹੜੇ ਵਿਅਕਤੀ ਦੀ ਜਨਮ ਮਿਤੀ 01 ਜਨਵਰੀ 2004 ਜਾਂ ਉਸ ਤੋਂ ਪਹਿਲਾਂ ਦੀ ਹੈ ਤੇ ਉਸਦੀ ਵੋਟ ਵੋਟਰ ਸੂਚੀ ਵਿੱਚ ਸ਼ਾਮਿਲ ਨਹੀਂ ਹੈ ਤਾਂ ਉਹ ਆਪਣੀ ਵੋਟ ਬਣਵਾਉਣ ਲਈ ਸਬੰਧਤ ਬੂਥ ਲੈਵਲ ਅਫ਼ਸਰ ਪਾਸ ਜਾਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਵਿਖੇ ਫਾਰਮ ਨੰ. 6 ਵਿੱਚ ਆਪਣਾ ਦਾਅਵਾ ਪੇਸ਼ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਐਨ.ਆਰ.ਆਈ. ਦੀ ਸੂਰਤ ਵਿੱਚ ਦਾਅਵਾ ਫਾਰਮ ਨੰਬਰ 6ਏ ਵਿੱਚ ਪੇਸ਼ ਕੀਤਾ ਜਾਵੇ। ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਹਰਜਿੰਦਰ ਸਿੰਘ ਜੱਸਲ, ਚੋਣ ਕਾਨੂੰਨਗੋ ਸ਼੍ਰੀ ਭੂਸ਼ਣ ਕੁਮਾਰ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ।

LEAVE A REPLY

Please enter your comment!
Please enter your name here