ਮਾਨਸਾ, 07 ਜਨਵਰੀ :(ਸਾਰਾ ਯਹਾਂ/ਮੁੱਖ ਸੰਪਾਦਕ)
ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਯੋਗਤਾ ਮਿਤੀ 01 ਜਨਵਰੀ 2025 ਦੇ ਆਧਾਰ ’ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸੁਧਾਈ ਸਬੰਧੀ ਜਾਰੀ ਸ਼ਡਿਊਲ ਅਨੁਸਾਰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮਿਤੀ 07 ਜਨਵਰੀ 2025 ਨੂੰ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਵੱਲੋਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤੀ ਗਈ।
ਇਸ ਮੀਟਿੰਗ ਵਿੱਚ ਜਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ 07 ਜਨਵਰੀ 2025 ਤੱਕ ਜ਼ਿਲ੍ਹੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 5,91,254 ਹੈ, ਜਿਨ੍ਹਾਂ ਵਿੱਚ 3,12,176 ਪੁਰਸ਼, 2,79,068 ਇਸਤਰੀ ਅਤੇ 10 ਤੀਸਰਾ ਲਿੰਗ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਕੁੱਲ 645 ਪੋਲਿੰਗ ਸਟੇਸ਼ਨ ਅਤੇ 350 ਪੋਲਿੰਗ ਸਟੇਸ਼ਨ ਇਮਾਰਤਾਂ ਹਨ। ਉਨਾਂ ਦੱਸਿਆ ਕਿ 07 ਜਨਵਰੀ 2025 ਤੋਂ ਲਗਾਤਾਰ ਸੁਧਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਆਮ ਜਨਤਾ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਫਾਰਮ ਨੰਬਰ 6 (ਪਹਿਲੀ ਵਾਰ ਨਵੀਂ ਵੋਟ ਬਣਾਉਣ ਲਈ), ਫਾਰਮ ਨੰਬਰ 7 (ਵੋਟ ਦੀ ਕਟੌਤੀ ਲਈ), ਫਾਰਮ ਨੰਬਰ 8 (ਵੋਟਰ ਸੂਚੀ ਵਿੱਚ ਦਰਜ਼ ਵੇਰਵਿਆਂ ਵਿੱਚ ਦਰੁੱਸਤੀ ਸਬੰਧੀ) ਭਰ ਸਕਦੇ ਹਨ। ਇਹ ਫਾਰਮ ਜਿਲ੍ਹਾ ਚੋਣ ਦਫ਼ਤਰ, ਚੋਣਕਾਰ ਰਜਿਸਟਰੇਸ਼ਨ ਦੇ ਦਫਤਰ, ਸਬੰਧਤ ਬੀ.ਐਲ.ਓ., ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ voters.eci.gov.in ਜਾਂ Voter 8elpline 1pp ਰਾਹੀਂ ਅਪਲਾਈ ਕੀਤੇ ਜਾ ਸਕਦੇ ਹਨ।
ਉਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਫੋਟੋ ਵੋਟਰ ਸੂਚੀ ਦੀ ਤਿਆਰੀ/ਸੁਧਾਈ ਸਬੰਧੀ ਜਨਵਰੀ ਦੇ ਪਹਿਲੇ ਦਿਨ, ਅਪੈ੍ਰਲ ਦੇ ਪਹਿਲੇ ਦਿਨ, ਜੁਲਾਈ ਦੇ ਪਹਿਲੇ ਦਿਨ ਅਤੇ ਅਕਤੂਬਰ ਦੇ ਪਹਿਲੇ ਦਿਨ ਨੂੰ ਮਲਟੀਪਲ ਕੁਆਲੀਫਾਇੰਗ ਡੇਟਸ ਨਿਰਧਾਰਤ ਕੀਤਾ ਗਿਆ ਹੈ। ਇਸ ਲਈ ਕੋਈ ਵੀ ਭਾਰਤ ਦਾ ਨਾਗਰਿਕ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਮਰੀ ਰਵੀਜ਼ਨ ਦੌਰਾਨ 01 ਜਨਵਰੀ 2025 ਤੋਂ ਇਲਾਵਾ ਭਵਿੱਖ ਵਿੱਚ ਆਉਣ ਵਾਲੀ 01 ਅਪ੍ਰੈਲ 2025, 01 ਜੁਲਾਈ 2025 ਅਤੇ 01 ਅਕਤੂਬਰ 2025 ਨੂੰ 18 ਸਾਲ ਜਾਂ ਵੱਧ ਉਮਰ ਪੂਰੀ ਕਰਨ ਵਾਲੇ ਵਿਅਕਤੀ ਨਵੀਂ ਵੋਟ ਬਣਾਉਣ ਲਈ ਅਪਲਾਈ ਕਰ ਸਕਦੇ ਹਨ।
ਇਨ੍ਹਾਂ ਫਾਰਮਾਂ ਦਾ ਨਿਪਟਾਰਾ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਪ੍ਰਕਿਰਿਆ ਅਤੇ ਸਮੇਂ ਅਨੁਸਾਰ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਵਿਧਾਨ ਸਭਾ ਚੋਣ ਹਲਕੇਵਾਰ 96- ਮਾਨਸਾ, 97- ਸਰਦੂਲਗੜ੍ਹ ਅਤੇ 98- ਬੁਢਲਾਡਾ (ਅ.ਜ) ਦੇ ਫੋਟੋ ਵੋਟਰ ਸੂਚੀਆਂ ਦਾ ਇੱਕ-ਇੱਕ ਸੈੱਟ, ਬਿਨਾਂ ਫੋਟੋ ਵੋਟਰ ਸੂਚੀਆਂ ਦੀ ਇੱਕ-ਇੱਕ ਸੀ.ਡੀ. ਸਪਲਾਈ ਕੀਤੀ ਗਈ। ਮੀਟਿੰਗ ਦੌਰਾਨ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਜ਼ਿਲ੍ਹਾ ਚੋਣ ਦਫਤਰ ਦਾ ਸਟਾਫ ਮੌਜੂਦ ਸਨ।