*ਸਰਕਾਰ ਦੇ ਫੈਸਲੇ ਤੋਂ ਬਾਗੀ ਹੋ ਪ੍ਰਾਈਵੇਟ ਸਕੂਲਾਂ ਵਲੋਂ ਵੱਡਾ ਐਲਾਨ, 12 ਅਪ੍ਰੈਲ ਤੋਂ ਖੋਲਣਗੇ ਸਕੂਲ*

0
120

ਬਰਨਾਲਾ 06ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਵਿੱਦਿਅਕ ਅਦਾਰੇ ਬੰਦ ਕੀਤੇ ਜਾਣ ਦਾ ਲਗਾਤਾਰ ਵਿਦਿਆਰਥੀਆਂ, ਮਾਪਿਆਂ, ਸਕੂਲ ਅਧਿਆਪਕਾਂ ਅਤੇ ਸਕੂਲ ਮੈਨੇਜਮੈਂਟਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਤਹਿਤ ਅੱਜ ਪ੍ਰਾਈਵੇਟ ਸਕੂਲ ਐਸ਼ੋਸੀਏਸ਼ਨ ਵਲੋਂ ਸੂਬਾ ਸਰਕਾਰ ਦੇ ਸਕੂਲ ਬੰਦ ਰੱਖਣ ਦੇ ਫ਼ੈਸਲੇ ਦੇ ਵਿਰੋਧ ਵਿੱਚ ਵੱਡਾ ਐਲਾਨ ਕੀਤਾ ਗਿਆ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਾਈਵੇਟ ਸਕੂਲ ਫ਼ੈਡਰੇਸ਼ਨ ਦੀ ਸੂਬਾ ਕਮੇਟੀ ਦੇ ਸੱਦੇ ’ਤੇ 12 ਅਪ੍ਰੈਲ ਨੂੰ ਆਉਣ ਵਾਲੇ ਦਿਨਾਂ ਵਿੱਚ ਉਹ ਆਪਣੇ ਸਕੂਲ ਖੋਲਣਗੇ।

ਇਸ ਮੌਕੇ ਗੱਲਬਾਤ ਕਰਦਿਆਂ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਕੋਰੋਨਾ ਦੇ ਨਾਮ ’ਤੇ ਸਿਰਫ਼ ਸਕੂਲਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਜਦਕਿ ਰੈਸਟੋਰੈਂਟ, ਸ਼ਰਾਬ ਦੇ ਠੇਕੇ, ਸਰਕਾਰੀ ਦਫ਼ਤਰ ਸਮੇਤ ਹਰ ਕਾਰੋਬਾਰ ਖੁੱਲਿਆ ਹੈ। ਜਿਸ ਕਰਕੇ ਬੱਚਿਆਂ ਦੀ ਪੜਾਈ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ। ਸਰਕਾਰ ਦੇ ਇਸ ਸਿੱਖਿਆ ਵਿਰੋਧ ਫ਼ੈਸਲੇ ਖਿਲਾਫ਼ ਪ੍ਰਾਈਵੇਟ ਸਕੂਲ ਫ਼ੈਡਰੇਸ਼ਨ ਵਲੋਂ ਸੂਬਾ ਸਰਕਾਰ ਦੇ ਇਸ ਫ਼ੈਸਲੇ ਵਿਰੁੱਧ 12 ਅਪ੍ਰੈਲ ਤੋਂ ਸਕੂਲ ਖੋਲਣ ਦਾ ਸੱਦਾ ਦਿੱਤਾ ਗਿਆ ਹੈ। ਜਿਸ ਦਾ ਬਰਨਾਲਾ ਜ਼ਿਲੇ ਨਾਲ ਜੁੜੇ ਸਾਰੇ ਪ੍ਰਾਈਵੇਟ ਸਕੂਲ ਸਮਰੱਥਨ ਕਰਦੇ ਹੋਏ ਸਕੂਲ ਖੋਲਣਗੇ। 

ਉਨ੍ਹਾਂ ਕਿਹਾ ਕਿ ਸਕੂਲ ਬੰਦ ਹੋਣ ਨਾਲ ਇਕੱਲੇ ਸਕੂਲ ਪ੍ਰਬੰਧਕ, ਵਿਦਿਆਰਥੀ ਜਾਂ ਅਧਿਆਪਕਾਂ ਨੂੰ ਹੀ ਪ੍ਰੇਸ਼ਾਨੀ ਨਹੀਂ ਝੱਲ ਰਹੇ, ਬਲਕਿ ਸਕੂਲ ਵੈਨ ਟ੍ਰਾਂਸਪੋਰਟ, ਦਰਜ਼ਾ ਚਾਰ ਮੁਲਾਜ਼ਮਾਂ ਸਮੇਤ ਹੋਰ ਕਈ ਤਰਾਂ ਦੇ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ। ਪਿਛਲੇ ਸਾਲ ਲੰਬਾ ਸਮਾਂ ਸਕੂਲ ਬੰਦ ਰਹੇ, ਪਰ ਸਰਕਾਰ ਵਲੋਂ ਸਕੂਲਾਂ ਨੂੰ ਕੋਈ ਰਾਹਤ ਜਾਂ ਮੱਦਦ ਨਹੀਂ ਦਿੱਤੀ ਗਈ। ਜਿਸ ਕਰਕੇ ਉਹ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਕੁੱਝ ਗਾਈਡਲਾਈਨ ਜਾਰੀ ਕਰਕੇ ਸਕੂਲਾਂ ਨੂੰ ਖੋਲਣ ਦਾ ਪ੍ਰਬੰਧ ਕਰੇ, ਜਿਸ ਲਈ ਸਕੂਲ ਪ੍ਰਬੰਧਕ ਸਰਕਾਰ ਨੂੰ  ਸਹਿਯੋਗ ਦੇਣ ਲਈ ਤਿਆਰ ਹਨ।

LEAVE A REPLY

Please enter your comment!
Please enter your name here