
ਮਾਨਸਾ, 01ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ) : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿਚ 03 ਮਾਰਚ, 2023 ਨੂੰ ਵਿਸ਼ਵ ਸੁਣਨ ਸ਼ਕਤੀ ਦਿਵਸ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ.ਅਸਵਨੀ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹਰ ਵਿਅਕਤੀ ਨੂੰ ਛੋਟੀ ਉਮਰ ਤੋਂ ਹੀ ਆਪਣੀ ਸੁਣਨ ਸ਼ਕਤੀ ਦੀ ਜਾਂਚ ਕਰਾਉਣੀ ਚਾਹੀਦੀ ਹੈ, ਖਾਸ ਕਰਕੇ ਜਨਮ ਸਮੇਂ ਘੱਟ ਭਾਰ ਦੇ ਨਵ ਜੰਮੇ ਬੱਚਿਆਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਸੜਕ ਕਿਨਾਰੇ ਬੈਠੇ ਵਿਅਕਤੀਆਂ ਤੋਂ ਕੰਨ ਸਾਫ਼ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਘੱਟ ਸੁਣਨ ਵਾਲੇ ਬੱਚਿਆਂ ਨੂੰ ਦੂਜੇ ਬੱਚਿਆਂ ਦੀ ਸੰਗਤ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਮੇਂ ਸਮੇਂ ’ਤੇ ਮਾਹਿਰ ਡਾਕਟਰਾਂ ਦੀ ਰਾਇ ਲੈਣੀ ਚਾਹੀਦੀ ਹੈ। 60 ਸਾਲ ਦੀ ਉਮਰ ਤੋਂ ਵੱਧ ਹਰ ਵਿਅਕਤੀ ਨੂੰ ਆਪਣਾ ਸੁਣਵਾਈ ਦਾ ਟੈਸਟ ਕਰਾਉਣਾ ਲਾਜ਼ਮੀ ਹੈ, ਖ਼ਾਸਕਰ ਉਦੋਂ ਜਦੋਂ ਤੁਸੀਂ ਗੱਲਬਾਤ ਦੌਰਾਨ ਵਾਰ ਵਾਰ ਸ਼ਬਦਾਂ ਨੂੰ ਦੁਹਰਾਉਣ ਲਈ ਕਹਿ ਰਹੇ ਹੋਵੋ। ਜਿਲਾ ਨੋਡਲ ਅਫਸਰ, ਡਾ. ਕਿਰਨਵਿੰੰਦਰ ਜੀਤ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹਨ ਵਾਲਾ ਬੱਚਾ ਥੋੜ੍ਹੀ ਦੂਰੀ ਤੋਂ ਅਧਿਆਪਕ ਦੀ ਆਵਾਜ਼ ਵੱਲ ਧਿਆਨ ਨਹੀਂ ਦੇ ਰਿਹਾ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਗਰਭ ਅਵਸਥਾ ਦੌਰਾਨ ਮਾਹਿਰ ਡਾਕਟਰ ਦੀ ਰਾਇ ਤੋਂ ਬਿਨ੍ਹਾਂ ਲਈ ਗਈ ਦਵਾਈ ਨਵਜੰਮੇ ਬੱਚੇ ਦੀ ਸੁਣਨ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਨਾਂ ਦੱਸਿਆ ਕਿ ਇਸ ਦਿਨ ਗੁਰੂ ਨਾਨਕ ਸਪੀਚ ਸੈਂਟਰ ਮਾਨਸਾ ਦੇ ਮਾਲਕ ਡਾ. ਹਿਤੇਸ਼ ਕੁਮਾਰ ਵੱਲੋਂ ਲੋੜਵੰਦ ਮਰੀਜਾਂ ਦੀ ਆਡੀਓ ਮੀਟਰੀ ( ਸੁਣਨ ਸ਼ਕਤੀ ਜਾਂਚ ) ਮੁਫ਼ਤ ਕੀਤੀ ਜਾਵੇਗੀ ਅਤੇ ਸਿਵਲ ਹਸਪਤਾਲ ਮਾਨਸਾ ਵਿਖੇ ਇਸ ਦਿਨ ਲਗਾਏ ਜਾ ਰਹੇ ਕੈਂਪ ਦੋਰਾਨ ਉਪਲਬੱਧ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਇਸ ਦਿਵਸ ਦਾ ਮੰਤਵ ਸਾਰੀ ਜ਼ਿੰਦਗੀ ਸੁਰੱਖਿਅਤ ਸੁਣਨ ਸ਼ਕਤੀ ਨੂੰ ਬਣਾਈ ਰੱਖਣਾ ਹੈ।
