*ਜ਼ਿਲ੍ਹੇ ਨੂੰ ਟੀ.ਬੀ. ਮੁਕਤ ਬਣਾਉਣ ਲਈ ਲੋਕਾਂ ਨੂੰ ਟੀ.ਬੀ. ਦੇ ਬਚਾਅ ਅਤੇ ਲੱਛਣਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ-ਡਿਪਟੀ ਕਮਿਸ਼ਨਰ*

0
23

ਮਾਨਸਾ, 22 ਮਾਰਚ  (ਸਾਰਾ ਯਹਾਂ/  ਮੁੱਖ ਸੰਪਾਦਕ) : ਸਥਾਨਕ ਬੱਚਤ ਭਵਨ ਵਿਖੇ ਵਿਸ਼ਵ ਟੀ.ਬੀ. ਦਿਵਸ ਨੂੰ ਸਮਰਪਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਮੁੱਖ ਮਹਿਮਾਨ ਵਜ਼ੋਂ ਪਹੁੰਚੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਜ਼ਿਲ੍ਹੇ ਦੇ ਸਮੂਹ ਹੈਲਥ ਐਂਡ ਵੈਲਨੈਸ ਸੈਂਟਰਾਂ ਵਿਖੇ ਤਾਇਨਾਤ ਸੀ.ਐਚ.ਓ. ਅਤੇ ਬਲਾਕ ਐਜੂਕੇਟਰਜ਼ ਨੂੰ ਜ਼ਿਲ੍ਹੇ ਨੂੰ ਟੀ.ਬੀ. ਮੁਕਤ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਇਸ ਦੇ ਬਚਾਅ ਅਤੇ ਲੱਛਣਾਂ ਬਾਰੇ ਜਾਗਰੂਕ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਆਪਸੀ ਤਾਲਮੇਲ ਅਤੇ ਸਹਿਯੋਗ ਨਾਲ ਅਸੀਂ ਕੋਵਿਡ ਵਰਗੀ ਮਹਾਂਮਾਰੀ ਨੂੰ ਹਰਾਇਆ ਸੀ, ਉਸੇ ਤਰ੍ਹਾਂ ਹੀ ਟੀ.ਬੀ. ਦਾ ਵੀ ਜ਼ਿਲ੍ਹੇ ਵਿੱਚੋਂ ਖ਼ਾਤਮਾ ਕਰਨ ਲਈ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਟੀ.ਬੀ. ਲਾਗ ਦੀ ਬਿਮਾਰੀ ਨਹੀਂ ਹੈ ਅਤੇ ਇਸ ਦਾ ਪੱਕੇ ਤੌਰ ’ਤੇ ਇਲਾਜ਼ ਸੰਭਵ ਹੈ। ਟੀ.ਬੀ.ਦੀ ਬਿਮਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਭਰਮ-ਭੁਲੇਖੇ ਪਾਏ ਜਾਂਦੇ ਸਨ, ਪਰੰਤੂ ਜਿਵੇਂ-ਜਿਵੇਂ ਵਿਗਿਆਨ ਨੇ ਤਰੱਕੀ ਕੀਤੀ ਇਸ ਬਿਮਾਰੀ ਦਾ ਪੱਕਾ ਇਲਾਜ ਡਾਟਸ ਪ੍ਰਣਾਲੀ ਰਾਹੀਂ ਕੀਤਾ ਜਾਣ ਲੱਗਾ ਹੈ।
ਜ਼ਿਲ੍ਹਾ ਨੋਡਲ ਅਫ਼ਸਰ ਟੀ.ਬੀ. ਡਾ. ਨਿਸ਼ੀ ਸੂਦ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਵਿੱਚ ਲੋਕਾਂ ਨੂੰ ਜਾਗਰੂਕ ਅਤੇ ਇਲਾਜ ਲਈ ਅੱਠ ਮਾਈਕਰੋਸਕੋਪੀ ਸੈਂਟਰ ਮਾਨਸਾ, ਖਿਆਲਾ ਕਲਾਂ, ਭੀਖੀ, ਬੁਢਲਾਡਾ, ਬਰੇਟਾ, ਬੋਹਾ, ਸਰਦੂਲਗੜ੍ਹ ਅਤੇ ਝੁਨੀਰ ਵਿਖੇ ਬਣਾਏ ਹੋਏ ਹਨ। ਫੀਲਡ ਸੁਪਰਵਾਈਜ਼ਰਾਂ ਵੱਲੋਂ ਪਿੰਡ-ਪਿੰਡ ਕੈਂਪ ਲਗਾ ਕੇ ਟੀ.ਬੀ.ਦੀ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨੀਮੀਨੇੇਟ ਦਾ ਮੁੱਖ ਮਕਸਦ ਲੋਕਾਂ ਨੂੰ ਟੀ.ਬੀ. ਦੀ ਬਿਮਾਰੀ ਪ੍ਰਤੀ ਜਾਗਰੂਕ ਕਰਕੇ 2025 ਤੱਕ ਟੀ.ਬੀ.ਨੂੰ ਰੋਕਣਾ ਹੈ। ਇਸ ਮੁਹਿੰਮ ਦੌਰਾਨ ਸਿਹਤ ਕਰਮਚਾਰੀ ਅਤੇ ਆਸ਼ਾ ਵਰਕਰ ਘਰ-ਘਰ ਜਾ ਕੇ ਟੀ.ਬੀ.ਰੋਗ ਦੇ ਖਾਤਮੇਂ ਲਈ ਸਹਿਯੋਗ ਕਰਨਗੇ, ਟੀ.ਬੀ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਦੋ ਹਫਤਿਆਂ ਤੋਂ ਪੁਰਾਣੀ ਖੰਘ, ਰਾਤ ਸਮੇਂ ਬੁਖਾਰ, ਖੰਘ ਵਿਚ ਬਲਗਮ ਦਾ ਆਉਣਾ ਆਦਿ ਦੀ ਸ਼ਿਕਾਇਤ ਹੋਣ ਦੀ ਸੂਰਤ ਵਿੱਚ ਬਲਗਮ ਦੀ ਜਾਂਚ ਅਤੇ ਛਾਤੀ ਦਾ ਐਕਸਰੇ ਕਰਕੇ ਇਸ ਬਿਮਾਰੀ ਦਾ ਪਤਾ ਲਗਾਇਆ ਜਾਵੇਗਾ। ਡਾਕਟਰ ਦੀ ਸਲਾਹ ਨਾਲ ਨਿਯਮਿਤ ਇਲਾਜ ਦੇ ਨਾਲ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਛੁਟਕਾਰਾ ਮਿਲ ਸਕਦਾ ਹੈ।  
ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਟੀ.ਬੀ ਬਿਮਾਰੀ ਦਾ ਅਨੁਮੂਲਨ ਕਰਨ ਦਾ ਨਿਸ਼ਚਾ ਕੀਤਾ ਹੋਇਆ ਹੈ। ਸਾਨੂੰ ਸਾਰਿਆਂ ਨੂੰ ਰਲ ਕੇ ਟੀ.ਬੀ ਜਿਹੀ ਲਾਗ ਦੀ ਬਿਮਾਰੀ ਨੂੰ 2025 ਤੱਕ ਖ਼ਤਮ ਕਰਨ ਲਈ ਸਹਿਯੋਗ ਦੇਣ ਦਾ ਪ੍ਰਣ ਲੈਣਾ ਚਾਹੀਦਾ ਹੈ।
            ਇਸ ਮੌਕੇ ਜ਼ਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਪਵਨ ਕੁਮਾਰ ਨੇ ਦੱਸਿਆ ਕਿ  ਇਸ ਮੁਹਿੰਮ ਦੌਰਾਨ ਪੇਂਡੂ ਇਲਾਕੇ ਵਿੱਚ ਸਕੂਲ ਅਧਿਆਪਕਾਂ ਅਤੇ ਆਂਗਣਵਾਡੀ ਵਰਕਰਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ ਅਤੇ ਹਰ ਘਰ ਤੱਕ ਟੀ.ਬੀ. ਦੀ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ।
ਇਸ ਮੌਕੇ ਕੇਵਲ ਸਿੰਘ, ਹਰਬੰਸ ਲਾਲ, ਤਿਰਲੋਕ ਸਿੰਘ ਬਲਾਕ ਐਜੂਕੇਟਰ ਅਤੇ ਸੁਰਿੰਦਰ ਕੁਮਾਰ ਐਸ.ਟੀ.ਐਸ. ਗੁੁਰਪ੍ਰੀਤ ਸਿੰਘ ਐਲ.ਟੀ., ਗੁਰਸੇਵਕ ਸਿੰਘ ਟੀ.ਹੈਲਥ ਵਿਜਿਟਰ, ਮੰਗਲ ਸਿੰਘ ਐਸ.ਟੀ.ਐਸ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।    

LEAVE A REPLY

Please enter your comment!
Please enter your name here