*ਜ਼ਿਲ੍ਹੇ ਦੇ ਪ੍ਰਾਇਮਰੀ ਸਿਹਤ ਕੇਂਦਰਾਂ ’ਚ ਜਲਦ ਖੁੱਲਣਗੇ 15 ਹੋਰ ਨਵੇਂ ਆਮ ਆਦਮੀ ਕਲੀਨਿਕ-ਡਿਪਟੀ ਕਮਿਸ਼ਨਰ*

0
35

ਮਾਨਸਾ 26 ਨਵੰਬਰ (ਸਾਰਾ ਯਹਾਂ/ ਮੁੱਖ ਸੰਪਾਦਕ  : ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਘਰਾਂ ਦੇ ਨੇੜੇ ਹੋਰ ਚੰਗੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਮਾਨਸਾ ਦੇ ਪ੍ਰਾਇਮਰੀ ਸਿਹਤ ਕੇਂਦਰਾਂ ’ਚ ਜਲਦੀ 15 ਹੋਰ ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਸਥਾਨਕ ਕਾਨਫਰੰਸ ਰੂਮ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ।
      ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨੂੰ ਆਮ ਆਦਮੀ ਕਲੀਨਿਕਾਂ ਦੇ ਸਮੁੱਚੇ ਕੰਮ ਨੂੰ 31 ਦਸੰਬਰ 2022 ਤੱਕ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਸਬ ਡਵੀਜ਼ਨ ਪੱਧਰ ’ਤੇ ਸਬੰਧਤ ਐਸ.ਡੀ.ਐਮਜ਼ ਆਮ ਆਦਮੀ ਕਲੀਨਿਕਾਂ ਦੇ ਚੱਲ ਰਹੇ ਕੰਮਾਂ ਦਾ ਆਪਣੇ ਪੱਧਰ ’ਤੇ ਨਿਰੀਖਣ ਕਰਕੇ ਲੋੜੀਂਦੇ ਪ੍ਰਬੰਧਾਂ ਨੂੰ ਸਮਾਂਬੱਧ ਢੰਗ ਨਾਲ ਕਰਵਾਉਣਾ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਪਿੰਡ ਬੁਰਜ਼ ਹਰੀ ਅਤੇ ਰੜ੍ਹ ਵਿਖੇ ਚੱਲ ਰਹੇ ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 12421 ਲੋਕਾਂ ਨੇ ਓ.ਪੀ.ਡੀ. ਰਾਹੀ ਆਪਣਾ ਇਲਾਜ ਕਰਵਾਇਆ ਹੈ ਅਤੇ 2073 ਲੈਬ ਟੈਸਟ ਹੋਏ ਹਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਚ 75 ਤਰ੍ਹਾਂ ਦੀਆਂ ਲੋੜੀਂਦੀਆਂ ਦਵਾਈਆਂ ਅਤੇ 41 ਤਰ੍ਹਾਂ ਦੇ ਟੈਸਟਾਂ ਦੀ ਸੁਵਿਧਾ ਉਪਲੱਬਧ ਹੈ, ਜਿਸਦਾ ਨੇੜਲੇ ਪਿੰਡਾਂ ਦੇ ਲੋਕ ਕਾਫੀ ਲਾਭ ਲੈ ਰਹੇ ਹਨ।
      ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਮਾਨਸਾ ਦੇ 15 ਪ੍ਰਾਇਮਰੀ ਸਿਹਤ ਕੇਂਦਰ ਜਿੰਨ੍ਹਾਂ ਵਿਚ ਆਮ ਆਦਮੀ ਕਲੀਨਿਕ ਖੁੱਲ੍ਹਣ ਜਾ ਰਹੇ ਹਨ, ਫਫ਼ੜੇ ਭਾਈ ਕੇ, ਭੈਣੀ ਬਾਘਾ, ਬੋਹਾ, ਰੰਘੜਿਆਲ, ਕੁਲਰੀਆਂ, ਬੀਰੋਕੇ ਕਲਾਂ, ਢੈਪਈ, ਜੋਗਾ, ਕਰੰਡੀ, ਬਹਿਣੀਵਾਲ, ਜੌੜਕੀਆਂ, ਉੱਭਾ, ਨੰਗਲ ਕਲਾਂ, ਜ਼ਿਲ੍ਹਾ ਪ੍ਰੀਸ਼ਦ ਮਾਨਸਾ, ਨੇੜੇ ਅੰਡਰ ਬਰਿੱਜ ਮਾਨਸਾ ਪ੍ਰਾਇਮਰੀ ਸਿਹਤ ਕੇਂਦਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਰਾਹੀਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਇਲਾਜ਼ ਦੀ ਘਰਾਂ ਦੇ ਨੇੜੇ ਸੁਵਿਧਾ ਮਿਲੇਗੀ। ਇਹ ਕਲੀਨਿਕ ਬਿਮਾਰੀਆਂ ਦੀ ਜਾਂਚ, ਕਲੀਨੀਕਲ ਟੈਸਟਾਂ ਸਮੇਤ ਵੱਖ ਵੱਖ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕਰਕੇ ਮੁੱਢਲੇ ਸਿਹਤ ਸੰਭਾਲ ਸਿਸਟਮ ਨੂੰ ਮਜਬੂਤ ਕਰਨਗੇ।
       ਇਸ ਮੋਕੇ  ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਉਪਕਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ.ਬੈਨਥ.ਆਈ.ਏ.ਐਸ., ਐਸ.ਡੀ.ਐਮ. ਮਾਨਸਾ ਸ੍ਰੀ ਹਰਜਿੰਦਰ ਸਿੰਘ ਜੱਸਲ, ਐਸ.ਡੀ.ਐਮ. ਬੁਢਲਾਡਾ ਸ੍ਰੀ ਪ੍ਰਮੋਦ ਸਿੰਗਲਾ, ਐਸ.ਡੀ.ਐਮ ਸਰਦੂਲਗੜ ਪੂਨਮ ਸਿੰਘ, ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਸ਼ਰਮਾ, ਸੀਨੀਅਰ ਮੈਡੀਕਲ ਅਫਸਰ ਕਮ ਜਿਲਾ ਪਰਿਵਾਰ ਭਲਾਈ ਅਫਸਰ ਕਮ ਨੋਡਲ ਅਫਸਰ ਡਾ.ਹਰਦੀਪ ਸਰਮਾ, ਐਸ. ਐਮ.ਓ.ਮਾਨਸਾ ਡਾ. ਰੂਬੀ ਚੋਧਰੀ, ਐਸ. ਐਮ.ਓ. ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼, ਐਸ.ਐਮ.ਓ.ਸਰਦੂਲਗੜ੍ਹ ਡਾ.ਵੇਦ ਪ੍ਰਕਾਸ਼ ਸੰਧੂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ-ਕਮ-ਕਨਵੀਨਰ ਸ੍ਰੀ ਅਵਤਾਰ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਿਜੈ ਕੁਮਾਰ, ਜਗਦੇਵ ਸਿੰਘ, ਹੈਰੀ ਸਮੇਤ ਸਮੂਹ ਸਬੰਧਤ ਮੈਡੀਕਲ ਅਫਸਰ ਮੋਜੂਦ ਸਨ।

NO COMMENTS