ਮਾਨਸਾ, 14, ਜੁਲਾਈ(ਸਾਰਾ ਯਹਾਂ/ਬੀਰਬਲ ਧਾਲੀਵਾਲ ):
ਲੋਕਾਂ ਨੂੰ ਸਸਤਾ ਅਤੇ ਛੇਤੀ ਨਿਆ ਮਿਲੇ, ਝਗੜਿਆਂ ਦਾ ਨਿਪਟਾਰਾ ਆਪਸੀ ਸਹਿਮਤੀ ਅਤੇ ਰਜ਼ਾਮੰਦੀ ਨਾਲ ਹੋਵੇ, ਲੋਕਾਂ ਦੇ ਮਨਾਂ ਵਿੱਚੋਂ ਦੁਸ਼ਮਨੀ ਨੂੰ ਜੜੋਂ ਖਤਮ ਕੀਤਾ ਜਾਵੇ, ਇਨ੍ਹਾਂ ਸਾਰੇ ਉਦੇਸ਼ਾ ਨੂੰ ਲੈ ਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹਮੇਸ਼ਾ ਹੀ ਲੋਕਾਂ ਦੇ ਫਾਇਦੇ ਲਈ ਤੱਤਪਰ ਰਹੀ ਹੈ ਇਸੇ ਤਹਿਤ ਹਰ ਤਿੰਨ ਮਹੀਨੇ ਬਾਅਦ ਕੌਮੀ ਲੋਕ ਅਦਾਲਤ ਦਾ ਆਯੋਜਨ ਪੰਜਾਬ ਅਤੇ ਹਰਿਆਣਾ ਵਿਚ ਕੀਤਾ ਜਾ ਰਿਹਾ ਹੈ।
ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਮਿਸ. ਗੁਰਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਚ 09 ਸਤੰਬਰ 2023 ਨੂੰ ਆ ਰਹੀ ਨੈਸ਼ਨਲ ਲੋਕ ਅਦਾਲਤ ਨੂੰ ਸਫਲ ਕਰਨ ਸਬੰਧੀ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਮਿਸ. ਪ੍ਰੀਤੀ ਸਾਹਨੀ ਲਗਾਤਾਰ ਕੋਸ਼ਿਸਾਂ ਕਰ ਰਹੇ ਹਨ। ਇਸ ਸਬੰਧੀ ਲਗਾਤਾਰ ਮਾਨਸਾ ਅਦਾਲਤ ਦੇ ਜੱਜ ਸਾਹਿਬਾਨਾ ਸਬ ਡਵੀਜਨਾਂ ਬੁਢਲਾਢਾ ਅਤੇ ਸਰਦੂਲਗੜ ਦੇ ਜੱਜ ਸਾਹਿਬਾਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਕੌਮੀ ਲੋਕ ਅਦਾਲਤ ਦਾ ਲਾਭ ਦਿੱਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬੈਂਕ ਅਧਿਕਾਰੀਆਂ, ਇੰਸ਼ੋਰੈਂਸ ਕੰਪਨੀਆਂ, ਜ਼ਿਲ੍ਹੇ ਦੇ ਥਾਣਿਆਂ ਦੇ ਮੁਖੀਆਂ, ਸਰਪੰਚ ਸਾਹਿਬਾਨਾਂ, ਬਾਰ ਐਸੋਸ਼ੀਏਸ਼ਨ ਮਾਨਸਾ ਬੁਢਲਾਡਾ ਅਤੇ ਸਰਦੂਲਗੜ੍ਹ ਦੇ ਆਹੁਦੇਦਾਰਾਂ, ਸੀਨੀਅਰ ਸਿਟੀਜ਼ਨਾਂ ਤੋਂ ਇਲਾਵਾ ਸਮਾਜ ਦੇ ਹਰੇਕ ਵਰਗ ਦੇ ਨੁਮਾਇੰਦੇਆਂ ਨਾਲ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ। ਉਨ੍ਹਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਕੇਸ ਕੌਮੀ ਲੋਕ ਅਦਾਲਤ ਵਿਚ ਲਗਾਉਣ, ਜਿਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਹੋ ਸਕੇ।
ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਵਿਚ ਦਿਵਾਨੀ ਮਾਮਲੇ, ਕਰਿਮੀਨਲ ਕੰਪਾਊਂਡੇਬਲ, ਚੈੱਕਾਂ ਦੇ ਕੇਸ, ਬੈਂਕ, ਬਿਜਲੀ, ਪਾਣੀ ਟੈਲੀਫੋਨ ਅਤੇ ਵਿਆਹ ਨਾਲ ਸਬੰਧਿਤ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ। ਕੌਮੀ ਲੋਕ ਅਦਾਲਤ ’ਚ ਦੋ ਧਿਰਾਂ ਦੀ ਆਪਸੀ ਰਜ਼ਾਮੰਦੀ ਨਾਲ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਲੋਕ ਅਦਾਲਤ ਵਿੱਚ ਇਕ ਦਰਖਾਸਤ ਦੇ ਕੇ ਹੀ ਆਪਣਾ ਕੇਸ ਲਗਾਇਆ ਜਾ ਸਕਦਾ ਹੈ