
ਮਾਨਸਾ, 26 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਕੋਰੋਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਮਾਨਸਾ ਵਿੱਚ ਕਰਫਿਊ ਦੇ ਹੁਕਮ ਜਾਰੀ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੁਣ ਡਾਇਰੈਕਟਰ, ਇੰਡਸਟਰੀਜ਼ ਅਤੇ ਕਮਰਸ ਪੰਜਾਬ ਵੱਲੋਂ ਪ੍ਰਾਪਤ ਪੱਤਰ ਅਨੁਸਾਰ ਜੋ ਫੈਕਟਰੀਆਂ ਜ਼ਰੂਰੀ ਵਸਤਾਂ ਦਾ ਉਤਪਾਦਨ ਕਰਦੀਆਂ ਹਨ ਅਤੇ ਇਸ ਤੋਂ ਇਲਾਵਾ ਹੋਰ ਵੀ ਫੈਕਟਰੀਆਂ ਖੋਲ੍ਹੀਆਂ ਜਾਣ ਪਰੰਤੂ ਇਹ ਫੈਕਟਰੀਆਂ ਖੋਲ੍ਹਣ ਸਬੰਧੀ ਸਬੰਧਤ ਫੈਕਟਰੀ ਮਾਲਕ ਵੱਲੋਂ ਇਸ ਦਫ਼ਤਰ ਵੱਲੋਂ ਅਤੇ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਕਰਫਿਊ ਦੌਰਾਨ ਨਿਰਧਾਰਤ ਪੋਰਟਲ (www.pbindustries.gov.in) ‘ਤੇ ਅਪਲਾਈ ਕਰਕੇ ਫੈਕਟਰੀਆਂ ਨੂੰ ਖੋਲ੍ਹਣ ਦੀ ਆਗਿਆ ਪ੍ਰਾਪਤ ਕਰਨਗੇ।
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਚਹਿਲ ਨੇ ਦੱਸਿਆ ਕਿ ਸਬੰਧਤ ਫੈਕਟਰੀਆਂ ਦੇ ਮਾਲਕਾਂ ਵੱਲੋਂ ਫੈਕਟਰੀਆਂ ਨੂੰ ਖੋਲ੍ਹਣ ਸਬੰਧੀ ਨਿਰਧਾਰਤ ਪੋਰਟਲ ‘ਤੇ ਮੰਗੀ ਜਾਣ ਵਾਲੀ ਪ੍ਰਵਾਨਗੀ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਫੈਕਟਰੀਆਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਦੀ ਆਗਿਆ ਦਿੰਦੇ ਹੋਏ ਇਸ ਸਬੰਧੀ ਸੂਚਨਾ ਆਪਣੇ ਦਫ਼ਤਰੀ ਸਟਾਫ਼ ਰਾਹੀਂ ਸਬੰਧਤ ਫੈਕਟਰੀ ਮਾਲਕਾਂ ਦੇ ਮੋਬਾਇਲ ‘ਤੇ ਐਸ.ਐਮ.ਐਸ. ਰਾਹੀਂ ਦੇਣਾ ਯਕੀਨੀ ਬਣਾਉਣਗੇ ਅਤੇ ਰੋਜ਼ਾਨਾ ਜਾਰੀ ਕੀਤੇ ਪਾਸਾਂ ਸਬੰਧੀ ਸੂਚਨਾ ਇਸ ਦਫ਼ਤਰ ਵੱਲੋਂ ਕੋਵਿਡ-19 ਸਬੰਧੀ ਨਿਰਧਾਰਤ ਕੀਤੇ ਗਏ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਭੇਜਣੀ ਯਕੀਨੀ ਬਣਾਉਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਵੱਲੋਂ ਇਹ ਪ੍ਰਵਾਨਗੀ ਦੇਣ ਸਮੇਂ ਕਿਸੇ ਵੀ ਕਿਸਮ ਦੀ ਕੋਈ ਕੁਤਾਹੀ ਨਹੀਂ ਕੀਤੀ ਜਾਵੇਗੀ ਅਤੇ ਕੁਤਾਹੀ ਹੋਣ ਦੀ ਸੂਰਤ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
