ਮਾਨਸਾ, 18 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ) :
ਪ ਜਾਬ ਸਰਕਾਰ ਵੱਲੋਂ ਹਰੇਕ ਉਮਰ ਵਰਗ ਦੇ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਖੇਡ ਮੇਲਾ 2022 ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਰਾਜ ਪੱਧਰੀ, ਜਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਉਪਕਾਰ ਸਿੰਘ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਦਿਆਂ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ ਜ਼ਿਲ੍ਹਾ ਮਾਨਸਾ ਵਿਖੇ 01 ਸਤੰਬਰ ਤੋਂ 07 ਸਤੰਬਰ ਤੱਕ 5 ਬਲਾਂਕਾਂ ਵਿੱਚ ਬਲਾਕ ਪੱਧਰੀ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਅਥਲੈਟਿਕਸ, ਵਾਲੀਬਾਲ ਖੇਡ ਮੁਕਾਬਲਾ ਅੰਡਰ 14, 17, 21-40, 41-50 ਅਤੇ 51-60 ਉਮਰ ਵਰਗ ਵਿਚ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੇਮ ਫੁਟਬਾਲ, ਖੋਹ-ਖੋਹ, ਕਬੱਡੀ (ਨੈਸ਼ਨਲ ਸਟਾਇਲ), ਰੱਸਾ ਕੱਸੀ (ਅੰਡਰ 14, 17, 21, 21-40 ਲੜਕੇ ਲੜਕੀਆਂ ਉਮਰ ਵਰਗ ਵਿਚ) ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਬਲਾਕ ਮਾਨਸਾ ਵਿਖੇ ਇਹ ਟੂਰਨਾਮੈਂਟ ਬਹੁਮੰਤਵੀ ਖੇਡ ਸਟੇਡੀਅਮ ਮਾਨਸਾ, ਬਲਾਕ ਸਰਦੂਲਗੜ੍ਹ ਦਾ ਪਿੰਡ ਕੁਸਲਾ ਵਿਖੇ ਅਤੇ ਬਲਾਕ ਭੀਖੀ ਦਾ ਟੂਰਨਾਮੈਂਟ ਰੋਇਲ ਕਾਲਜ ਬੋੜਾਵਾਲ, ਬਲਾਕ ਝੁਨੀਰ ਦਾ ਇਨਲਾਈਟਡ ਫਿਜ਼ੀਕਲ ਕਾਲਜ ਅਤੇ ਬੁਢਲਾਡਾ ਦਾ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ, ਬੁਢਲਾਡਾ ਵਿਖੇ 1 ਸਤੰਬਰ ਤੋਂ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਭਾਗ ਲੈਣ ਲਈ ਖਿਡਾਰੀਆਂ ਅਤੇ ਖਿਡਾਰਨਾਂ ਨੂੰ www.punjabkhedmela2022.in ਪੋਰਟਲ ’ਤੇ 25 ਅਗਸਤ 2022 ਸ਼ਾਮ 5 ਵਜੇ ਤੱਕ ਆਨਲਾਈਨ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਰਜਿਸ਼ਟ੍ਰੇਸ਼ਨ ਦੀ ਨਿਸ਼ਚਿਤ ਕੀਤੀ ਮਿਤੀ ਤੋਂ ਬਾਅਦ ਕਿਸੇ ਵੀ ਖਿਡਾਰੀ ਜਾਂ ਟੀਮ ਨੂੰ ਖੇਡਣ ਦੀ ਇਜਾਜ਼ਤ ਨਹੀਂ ਹੋਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਇਨ੍ਹਾਂ ਮੁਕਾਬਲਿਆਂ ਵਿੱਚ ਹਰੇਕ ਖੇਡ ਵਿੱਚ ਇੱਕ ਪਿੰਡ ਦੀ ਇੱਕ ਟੀਮ ਹੋ ਸਕਦੀ ਹੈ। ਇਸ ਤੋਂ ਇਲਾਵਾ ਇੱਕ ਸਕੂਲ ਅਤੇ ਇੱਕ ਕਲੱਬ ਦੀ ਟੀਮ ਵੀ ਹੋ ਸਕਦੀ ਹੈ। ਇਸੇ ਤਰ੍ਹਾਂ ਹੀ ਸ਼ਹਿਰਾਂ ਦੀਆਂ ਟੀਮਾਂ ਵੀ ਇਸੇ ਪੈਟਰਨ ’ਤੇ ਰਜਿਸਟਰਡ ਹੋ ਸਕਦੀਆਂ ਹਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਖੇਡ ਮੈਦਾਨਾਂ ਵਿੱਚ ਪਾਣੀ, ਸਾਫ਼-ਸਫ਼ਾਈ ਅਤੇ ਪਖਾਣਿਆਂ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਉਪਰੰਤ 12 ਸਤੰਬਰ ਤੋਂ 21 ਅਕਤੂਬਰ 2022 ਤੱਕ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਏ ਜਾਣਗੇ।
ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ਼੍ਰੀ ਰਘਬੀਰ ਸਿੰਘ ਮਾਨ, ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਗੁਰਮੀਤ ਸਿੰਘ, ਐਕਸੀਅਨ ਸ਼੍ਰੀ ਪਵਨ ਕੁਮਾਰ ਗੋਇਲ, ਵਧੀਕ ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀ ਅਮਨ ਮੰਗਲਾ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ।