ਜ਼ਿਲ੍ਹਾ ਮਾਨਸਾ ‘ਚ ਆਪਣੀ ਕਿਸਮ ਦੇ ਪਹਿਲੇ ਪੱਕੀਆਂ ਨਹਿਰੀ ਖਾਲਾਂ ਬਣਾਉਣ ਦੇ ਪਾਇਲਟ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

0
48

ਨੰਦਗੜ੍ਹ/ਮੋਫ਼ਰ (ਮਾਨਸਾ), 19 ਮਾਰਚ  (ਸਾਰਾ ਯਹਾਂ /ਹਿਤੇਸ਼ ਸ਼ਰਮਾ): ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਅੱਜ ਸਰਦੂਲਗੜ੍ਹ ਦੇ ਪਿੰਡਾਂ ਨੰਦਗੜ੍ਹ ਅਤੇ ਮੋਫ਼ਰ ਵਿਖੇ ਮਗਨਰੇਗਾ ਸਕੀਮ ਅਧੀਨ ਜ਼ਿਲ੍ਹਾ ਮਾਨਸਾ ਦੇ ਆਪਣੀ ਕਿਸਮ ਦੇ ਪਹਿਲੇ ਪੱਕੀਆਂ ਨਹਿਰੀ ਖਾਲਾਂ ਦੀ ਉਸਾਰੀ ਦੇ ਪਾਇਲਟ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ। ਇਸ ਸਮੇਂ ਸਾਬਕਾ ਵਿਧਾਇਕ ਸ. ਅਜੀਤ ਇੰਦਰ ਸਿੰਘ ਮੋਫ਼ਰ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਸ਼੍ਰੀ ਬਿਕਰਮ ਸਿੰਘ ਮੋਫ਼ਰ ਅਤੇ ਏ.ਡੀ.ਸੀ ਵਿਕਾਸ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਵੀ ਉਨ੍ਹਾਂ ਦੇ ਨਾਲ ਸਨ। ਇਨ੍ਹਾਂ ਪੱਕੇ ਖਾਲਿਆਂ ਦੇ ਬਣਨ ਨਾਲ ਇਨ੍ਹਾਂ ਦੋਵਾਂ ਪਿੰਡਾਂ ਦੀ ਕਰੀਬ 255 ਏਕੜ ਜ਼ਮੀਨ ਅਤੇ ਵੱਡੀ ਗਿਣਤੀ ਕਿਸਾਨਾਂ ਨੂੰ ਲਾਭ ਮਿਲੇਗਾ। 
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਅਤੇ ਸ਼੍ਰੀ ਮੋਫ਼ਰ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਸ਼ੁਰੂਆਤ ਨਾਲ ਇਲਾਕੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਨਹਿਰੀ ਖਾਲੇ ਪੱਕੇ ਬਣਨ ਨਾਲ ਜਿਥੇ ਖੇਤੀ ਕਰਨੀ ਸੁਖਾਲੀ ਹੋਵੇਗੀ ਉਥੇ ਹੀ ਪਾਣੀ ਨੂੰ ਅਜਾਈਂ ਨਸ਼ਟ ਹੋਣ ਤੋਂ ਵੀ ਰੋਕਿਆ ਜਾ ਸਕੇਗਾ।  ਉਨ੍ਹਾਂ ਦੱਸਿਆ ਕਿ ਪੱਕੇ ਖਾਲਿਆਂ ਰਾਹੀਂ ਪਾਣੀ ਦੀ ਪਹੁੰਚ ਯਕੀਨੀ ਬਣਨ ਨਾਲ ਸਪੱਸ਼ਟ ਤੌਰ ‘ਤੇ ਖੇਤੀ ਉਤਪਾਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਨੰਦਗੜ੍ਹ ਵਿਖੇ ਹਾਲ ਦੀ ਘੜੀ 19.67 ਲੱਖ ਰੁਪਏ ਅਤੇ ਮੋਫ਼ਰ ਵਿਖੇ 13.57 ਲੱਖ ਰੁਪਏ ਇਸ ਪ੍ਰੋਜੈਕਟ ‘ਤੇ ਖਰਚ ਕੀਤੇ ਜਾ ਰਹੇ ਹਨ। 
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਫਿਲਹਾਲ ਦੋ ਪਿੰਡਾਂ ਵਿੱਚ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਇਹ ਕੰਮ ਕਾਰਜਕਾਰੀ ਇੰਜੀ: ਲਾਈਨਿੰਗ ਮੰਡਲ 2, ਪਜਸਪਵਨ ਮਾਨਸਾ ਵੱਲੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਖਾਲ ਨਵੇਂ ਢੰਗ ਨਾਲ ਤਿਆਰ ਕੀਤੇ ਜਾ ਰਹੇ ਹਨ ਜਿਸ ਵਿੱਚ ਵੱਖ ਵੱਖ ਸੈਗਮੈਂਟਾਂ ਦੀ ਵਰਤੋਂ ਕੀਤੀ ਜਾਵੇਗੀ ਜੋ ਕਿ ਰਵਾਇਤੀ ਖਾਲਾਂ ਨਾਲੋਂ ਵੱਖਰਾ ਹੋਵੇਗਾ ਤਾਂ ਜੋ ਇਨ੍ਹਾਂ ਖਾਲਾਂ ਦੀ ਵਰਤੋਂ ਨੂੰ ਵਧੇਰੇ ਸਮੇਂ ਤੱਕ ਯਕੀਨੀ ਬਣਾਇਆ ਜਾ ਸਕੇ। 


ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਨਵਨੀਤ ਜੋਸ਼ੀ ਤੋਂ ਇਲਾਵਾ ਹੋਰ ਅਧਿਕਾਰੀ ਤੇ ਆਗੂ ਵੀ ਮੌਜੂਦ ਸਨ।

NO COMMENTS