
ਬਠਿੰਡਾ, 06 ਜੁਲਾਈ: (ਸਾਰਾ ਯਹਾਂ/ਬੀਰਬਲ ਧਾਲੀਵਾਲ):
ਜ਼ਿਲ੍ਹਾ ਬਠਿੰਡਾ ਦੇ ਮਿਡਲ, ਹਾਈ ਤੇ ਸੈਕੰਡਰੀ ਤਕਰੀਬਨ 300 ਸਕੂਲਾਂ ਵਿਚ ਨਿਰਵਿਘਨ ਸਮਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਮਰ ਕੈਂਪਾਂ ਵਿਚ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ, ਸਰੀਰਿਕ ਤੇ ਮਾਨਸਿਕ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਵਿਚ ਉਤਸ਼ਾਹ ਪਾਇਆ ਜਾ ਰਿਹ ਹੈ। ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਸ਼ਿਵਪਾਲ ਗੋਇਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਇਕਬਾਲ ਸਿੰਘ ਬੁੱਟਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਮਰ ਕੈਂਪਾਂ ਵਿਚ ਅਲੱਗ ਅਲੱਗ ਸੈਸ਼ਨ ਵਿਚ ਵਿਦਿਆਰਥੀਆਂ ਨੂੰ ਬੌਧਿਕ ਗਤੀਵਿਧੀਆਂ, ਸਿਹਤ ਸੰਭਾਲ, ਖੇਡਾਂ, ਆਰਟ ਕਰਾਫਟ, ਮੌਲਿਕ ਕਦਰਾਂ ਕੀਮਤਾਂ, ਗਣਿਤ, ਵਾਤਾਵਰਣ ਅਤੇ ਭਾਸ਼ਾ ਕੌਸ਼ਲ ਆਦਿ ਸਬੰਧੀ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਅਜਿਹੀਆਂ ਨਿਵੇਕਲੀਆਂ ਗਤੀਵਿਧੀਆਂ ਵਿੱਦਿਅਕ ਸੰਸਥਾਵਾਂ ਵਿਚ ਹੋਣੀਆਂ ਲਾਜ਼ਮੀ ਹਨ ਤਾਂ ਜੋ ਹਰ ਵਿਦਿਆਰਥੀ ਆਪਣੀ ਰੁਚੀ ਮੁਤਾਬਿਕ ਹੁਨਰ ਅਤੇ ਗਿਆਨ ਹਾਸਲ ਕਰ ਸਕੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਮਰ ਕੈਂਪਾਂ ਵਿਚ ਚੰਗੀ ਦਿਲਚਸਪੀ ਹੈ, ਉਹ ਨਵੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਮਰ ਕੈਂਪਾਂ ਰਾਹੀਂ ਵਿਦਿਆਰਥੀਆਂ ਵਿਚ ਸਿੱਖਣ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕ ਸਿੱਖਣ ਦੀ ਤਕਨੀਕ ਨੂੰ ਹੋਰ ਵਿਕਸਿਤ ਕਰਨ ਲਈ ਅਤੇ ਪਾਠਕ੍ਰਮ ਨੂੰ ਵਧੇਰੇ ਦਿਲਚਸਪ ਬਣਾਉਣ ਲਈ ਤਨਦੇਹੀ ਨਾਲ ਮਿਹਨਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਕੂਲਾਂ ਵਿਚ ਲਗਾਏ ਜਾ ਰਹੇ ਸਮਰ ਕੈਂਪਾਂ ਦਾ ਰੋਜ਼ਾਨਾ ਨਿਰੀਖਣ ਕੀਤਾ ਜਾ ਰਿਹਾ ਹੈ।
