ਮਾਨਸਾ, 27 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ): ਸੂਬਾ ਸਰਕਾਰ ਵਲੋਂ ਉਦਯੋਗ ਅਤੇ ਕਾਮਰਸ ਵਿਭਾਗ ਰਾਹੀਂ ਮਾਨਸਾ ਦੇ ਮਹਿਕ ਮੈਰਿਜ ਪੈਲਸ ਵਿਖੇ 3 ਰੋਜ਼ਾ ਜ਼ਿਲ੍ਹਾ ਪੱਧਰੀ ਊਦਿਅਮ ਸਮਾਗਮ 17 ਤੋਂ 19 ਮਾਰਚ ਤੱਕ ਕਰਵਾਇਆ ਜਾਵੇਗਾ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਵਲੋਂ ਆਪੋ-ਆਪਣੇ ਵਿਭਾਗ ਨਾਲ ਸਬੰਧਤ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਹੋਈਆਂ ਪ੍ਰਦਰਸ਼ਨੀਆਂ ਲਗਾਉਣ ਤੋਂ ਇਲਾਵਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਗੁਰਪਾਲ ਸਿੰਘ ਚਾਹਲ ਨੇ ਇਸ ਸਮਾਗਮ ਦੇ ਅਗਾਊਂ ਪ੍ਰਬੰਧਾਂ ਸਬੰਧੀ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਉਨ੍ਹਾਂ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਸਮਾਗਮ ਦੌਰਾਨ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਚਾਹਲ ਨੇ ਦੱਸਿਆ ਕਿ ਇਸ ਮੌਕੇ ਉਦਯੋਗ ਨਾਲ ਸਬੰਧਤ ਜ਼ਿਲ੍ਹਾ ਉਦਯੋਗ, ਸੈਲਫ਼ ਹੈਲਪ ਗਰੁੱਪਾਂ, ਆਦਿ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਹੋਈਆਂ ਪ੍ਰਦਰਸ਼ਨੀਆਂ ਦੇ ਸਟਾਲ ਵੀ ਲਗਾਏ ਜਾਣਗੇ। ਇਸ ਤੋਂ ਇਲਾਵਾ ਇਸ ਦੌਰਾਨ ਤਿੰਨੇ ਦਿਨ ਕਿਸਾਨਾਂ, ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਵਿਸ਼ੇਸ਼ ਸੈਸ਼ਨਾਂ ਦਾ ਪ੍ਰਬੰਧ ਵੀ ਕੀਤਾ ਜਾਵੇ, ਤਾਂ ਜੋ ਇੱਕਤਰ ਹੋਏ ਲੋਕ ਇਸ ਪ੍ਰੋਗਰਾਮ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਇਸ ਊਦਿਅਮ ਸਮਾਗਮ ਦਾ ਮੁੱਖ ਮੰਤਵ ਇਕੋ ਥਾਂ ‘ਤੇ, ਇੱਕੋ ਸਮੇਂ ਹੀ ਖੇਤੀਬਾੜੀ, ਰੁਜ਼ਗਾਰ ਅਤੇ ਉਦਯੋਗ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਨੌਜਵਾਨਾਂ ਅਤੇ ਕਿਸਾਨਾਂ ਨੂੰ ਇਸ ਦਾ ਲਾਭ ਲੈਣ ਬਾਰੇ ਜਾਗਰੂਕ ਕਰਨਾ ਹੈ, ਤਾਂ ਜੋ ਕਿਸਾਨ ਆਪਣੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾ ਕੇ ਆਪਣੇ ਕਾਰੋਬਾਰ ਤੇ ਆਮਦਨ ਵਿਚ ਵਾਧਾ ਕਰ ਸਕਣ। ਇਸ ਮੌਕੇ ਕਾਰਜਕਾਰੀ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਸ਼੍ਰੀ ਬਰਜਿੰਦਰ ਸਿੰਘ , ਸੀਨੀਅਰ ਮੱਛੀ ਪਾਲਣ ਅਫਸਰ ਸ਼੍ਰੀਮਤੀ ਦੀਪਨਜੋਤ ਕੌਰ , ਜੇ ਈ (ਸਿਵਲ) ਪੁਡਾ ਜ਼ੋਨਲ ਦਫਤਰ ਬਠਿੰਡਾ ਸ਼੍ਰੀ ਸੰਜੇ ਸਿੰਗਲਾ, ਖੇਤੀ ਵਿਕਾਸ ਅਫਸਰ ਮਿਸ ਜਸਲੀਨ ਧਾਲੀਵਾਲ, ਬਲਾਕ ਪੱਧਰ ਪ੍ਰਸਾਰ ਅਫਸਰ ਸ਼੍ਰੀ ਅਮਰਜੀਤ ਸਿੰਘ ਵਾਲਿਆ, ਸ਼੍ਰੀ ਰਾਕੇਸ਼ ਬੋਹਾ ਅਤੇ ਸ਼੍ਰੀ ਵਰਿੰਦਰ ਕੁਮਾਰ ਹਾਜ਼ਰ ਸਨ।