ਸਰਦੂਲਗੜ੍ਹ/ਮਾਨਸਾ, 22 ਜੁਲਾਈ:(ਸਾਰਾ ਯਹਾਂ/ਮੁੱਖ ਸੰਪਾਦਕ )
ਵਿਧਾਇਕ ਸਰਦੂਲਗੜ੍ਹ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ, ਡਵੀਜ਼ਨਲ ਕਮਿਸ਼ਨਰ ਫਰੀਦਕੋਟ ਰੇਂਜ ਸ੍ਰੀ ਚੰਦਰ ਗੇਂਦ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸਰਦੂਲਗੜ੍ਹ ਵਿਖੇ ਰੋੜਕੀ, ਸਾਧੂਵਾਲਾ ਅਤੇ ਬਾਲ ਵਾਟਿਕਾ ਪਬਲਿਕ ਸਕੂਲ ਰਾਹਤ ਕੈਂਪ ਸਮੇਤ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਐਸ.ਡੀ.ਐਮ. ਬੁਢਲਾਡਾ ਸ੍ਰੀ ਪ੍ਰਮੋਦ ਸਿੰਗਲਾ ਅਤੇ ਸਹਾਇਕ ਕਮਿਸ਼ਨਰ (ਜ) ਸ੍ਰੀ ਹਰਜਿੰਦਰ ਸਿੰਘ ਜੱਸਲ ਵੀ ਮੌਜੂਦ ਸਨ।
ਡਵੀਜਨਲ ਕਮਿਸ਼ਨਰ ਸ੍ਰੀ ਚੰਦਰ ਗੇਂਦ ਨੇ ਹੜ੍ਹਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਸਰਦੂਲਗੜ੍ਹ ਸਿਰਸਾ ਮੁੱਖ ਰੋਡ ’ਤੇ ਡਿਵਾਈਡਰ ’ਤੇ ਬੰਨ੍ਹ ਬਣਵਾ ਕੇ ਸ਼ਹਿਰ ਨੂੰ ਬਚਾਉਣ ਅਤੇ ਪਿੰਡ ਰੋੜਕੀ ਵਿਖੇ ਪਏ ਪਾੜ ਨੂੰ ਲੋਕਾਂ ਦੀ ਮਦਦ ਨਾਲ ਪੂਰਨ ਲਈ ਸ਼ਲਾਘਾਯੋਗ ਕੰਮ ਕੀਤਾ ਹੈ।
ਉਨ੍ਹਾਂ ਪਿੰਡ ਸਾਧੂਵਾਲਾ ਵਿਖੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇੱਥੇ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਕਾਫੀ ਘਟਿਆ ਹੈ ਜੋ ਕਿ ਲੋਕਾਂ ਲਈ ਰਾਹਤ ਦੀ ਗੱਲ ਹੈ। ਰਾਹਤ ਕਾਰਜਾਂ ਵਿਚ ਮਸ਼ੀਨਰੀ ਤੇ ਹੋਰ ਲੋੜੀਂਦੇ ਸਾਮਾਨ ਨਾਲ ਟੀਮਾਂ ਜੁਟੀਆਂ ਹੋਈਆਂ ਹਨ। ਪਾਣੀ ਵਿਚ ਫਸੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਬਣਾਏ ਗਏ ਰਾਹਤ ਕੈਂਪਾਂ ਵਿਚ ਪਹੁੰਚਾਇਆ ਗਿਆ ਹੈ ਜਿੱਥੇ ਉਨ੍ਹਾਂ ਨੂੰ ਖਾਣ ਪੀਣ ਦਾ ਸਾਮਾਨ, ਦਵਾਈਆਂ ਅਤੇ ਹੋਰ ਰਾਹਤ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਤਰ੍ਹਾਂ ਨਾਲ ਲੋਕਾਂ ਦੀ ਮਦਦ ਲਈ ਨਾਲ ਖੜ੍ਹਾ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਇਲਾਕੇ ਪਾਣੀ ਨਾਲ ਘਿਰੇ ਹੋਏ ਹਨ ਉਨ੍ਹਾਂ ਇਲਾਕਿਆਂ ਦੇ ਚੁਫੇਰੇ ਵੀ ਬੰਨ੍ਹ ਬਣਾ ਕੇ ਨੁਕਸਾਨ ਹੋਣ ਤੋਂ ਬਚਾਇਆ ਗਿਆ ਹੈ ਅਤੇ ਉਨ੍ਹਾਂ ਘਰਾਂ ਤੱਕ ਵੀ ਖਾਣ ਪੀਣ ਦਾ ਸਾਮਾਨ, ਰਾਸ਼ਨ ਅਤੇ ਦਵਾਈਆਂ ਤੋਂ ਇਲਾਵਾ ਹਰ ਤਰ੍ਹਾਂ ਦੀ ਲੋੜੀਂਦੀ ਸੁਵਿਧਾ ਪਹੁੰਚਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਇਸ ਕੁਦਤਰੀ ਆਫ਼ਤ ਵਿਚ ਹਲਕੇ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ ਅਤੇ ਦਿਨਰਾਤ ਖ਼ੁਦ ਪ੍ਰਭਾਵਿਤ ਇਲਾਕਿਆਂ ਵਿਚ ਤੈਨਾਤ ਰਹਿ ਕੇ ਲੋਕਾਂ ਦੀ ਸੁਰੱਖਿਆ ਲਈ ਉਪਰਾਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਵੀ ਵਧਾਈ ਦੇ ਹੱਕਦਾਰ ਹਨ ਜੋ ਇਸ ਮੁਸ਼ਕਿਲ ਦੀ ਘੜੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੇ ਹਨ।
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਜਾ ਰਹੇ ਬਚਾਅ ਅਤੇ ਰਾਹਤ ਕਾਰਜਾਂ ਦੀ ਸ਼ਲਾਘਾ ਕੀਤੀ।
ਬਾਕਸ ਲਈ ਪ੍ਰਸਤਾਵਿਤ
ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਸਬ ਡਵੀਜ਼ਨ ਸਰਦੂਲਗੜ੍ਹ ਵਿਖੇ 500 ਅਤੇ ਬੁਢਲਾਡਾ ਵਿਖੇ 290 ਵਿਅਕਤੀਆਂ ਨੂੰ ਰੈਸਕਿਊ ਕਰਕੇ ਰਾਹਤ ਕੈਂਪਾਂ ਵਿਚ ਪਹੁੰਚਾਇਆ ਗਿਆ ਹੈ। ਸਰਦੂਲਗੜ੍ਹ ਵਿਖੇ 10 ਅਤੇ ਬੁਢਲਾਡਾ ਵਿਖੇ 11 ਰਾਹਤ ਕੈਂਪ ਬਣਾਏ ਗਏ ਹਨ। ਸਰਦੂਲਗੜ੍ਹ ਦੇ ਰਾਹਤ ਕੈਂਪਾਂ ਵਿਚ 246 ਅਤੇ ਬੁਢਲਾਡਾ ਵਿਖੇ 30 ਪਸ਼ੂ ਪਹੁੰਚਾਏ ਗਏ ਹਨ। ਸਰਦੂਲਗੜ੍ਹ ਵਿਖੇ 9 ਮੈਡੀਕਲ ਟੀਮਾਂ ਅਤੇ 2 ਰੈਪਿਡ ਰਿਸਪੌਂਸ ਟੀਮਾਂ ਤੈਨਾਤ ਹਨ। ਇਸੇ ਤਰ੍ਹਾਂ ਬੁਢਲਾਡਾ ਵਿਖੇ 13 ਮੈਡੀਕਲ ਟੀਮਾ ਅਤੇ 2 ਰੈਪਿਡ ਰਿਸਪੌਂਸ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦੀ ਸਿਹਤ ਸੁਰੱਖਿਆ ਅਤੇ ਸੰਭਾਲ ਲਈ ਸਰਦੂਲਗੜ੍ਹ ਵਿਖੇ 10 ਅਤੇ ਬੁਢਲਾਡਾ ਵਿਖੇ 4 ਵੈਟਨਰੀ ਟੀਮਾਂ ਲਗਾਈਆਂ ਗਈਆਂ ਹਨ। ਬਚਾਅ ਕਾਰਜਾਂ ਲਈ ਸਰਦੂਲਗੜ੍ਹ ਵਿਖੇ 2 ਐਨ.ਡੀ.ਆਰ.ਐਫ ਟੀਮਾਂ ਤੈਨਾਤ ਹਨ।