ਮਾਨਸਾ, 12 ਜਨਵਰੀ (ਸਾਰਾ ਯਹਾ / ਮੁੱਖ ਸੰਪਾਦਕ) : ਧੁੰਦ ਦੇ ਮੌਸਮ ਦੇ ਚੱਲਦਿਆਂ ਦੁਰਘਟਨਾਵਾਂ ਨੂੰ ਰੋਕਣ ਲਈ ਅੱਜ ਐਸ.ਐਸ.ਪੀ. ਮਾਨਸਾ ਸ਼੍ਰੀ ਸੁਰੇਂਦਰ ਲਾਂਬਾ ਨੇ ਜ਼ਿਲ੍ਹੇ ਦੇ ਸਮੂਹ ਵੀ.ਪੀ.ਓਜ਼ (ਵਿਲੇਜ਼ ਪੁਲਿਸ ਅਫ਼ਸਰ) ਨੂੰ ਵਹੀਕਲਾਂ ਉਪਰ ਲਗਾਉਣ ਲਈ ਰਿਫਲੈਕਟਰਾਂ ਦੀ ਵੰਡ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ਼੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ 3 ਦਿਨਾਂ ਅੰਦਰ 25000 ਰਿਫਲੈਕਟਰ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ, ਏ.ਡੀ.ਜੀ.ਪੀ. ਕਮਿਊਨਿਟੀ ਪੋਲਸਿੰਗ ਅਤੇ ਏ.ਡੀ.ਜੀ.ਪੀ. ਟਰੈਫਿਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਦੀ ਦੇ ਮੌਸਮ ਵਿੱਚ ਰੋਜ਼ਾਨਾ ਧੁੰਦ ਕਾਰਨ ਹੋ ਰਹੇ ਐਕਸੀਡੈਂਟਾਂ ਨਾਲ ਜਾ ਰਹੀਆਂ ਕੀਮਤੀ ਜਾਨਾ ਦੇ ਬਚਾਅ ਲਈ ਇਨ੍ਹਾਂ ਰਿਫਲੈਕਟਰਾਂ ਨੂੰ ਵਾਹਨਾਂ ’ਤੇ ਲਗਾਉਣ ਦੀ ਮੁਹਿੰਮ ਵਿੱਢੀ ਗਈ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਇਹ ਰਿਫਲੈਕਟਰ ਸਮੂਹ ਵੀ.ਪੀ.ਓਜ਼ ਵੱਲੋਂ ਜ਼ਿਲ੍ਹੇ ਦੇ ਵਾਹਨਾਂ ਜਿਵੇਂ ਟਰੈਕਟਰ, ਟਰਾਲੀ, ਟਿੱਪਰ, ਟਰੱਕ, ਰੇਹੜੇ ਆਦਿ ’ਤੇ ਲਗਾਏ ਜਾਣਗੇ ਤਾਂ ਜੋ ਧੁੰਦ ਦੌਰਾਨ ਵਾਹਨਾਂ ਦਾ ਪਤਾ ਲੱਗ ਸਕੇ। ਉਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਇਹ 25000 ਰਿਫਲੈਕਟਰ ਮੁਫ਼ਤ ਲਗਾਏ ਜਾਣਗੇ ਅਤੇ ਇਨ੍ਹਾਂ ਰਿਫਲੈਕਟਰਾਂ ਦੇ ਲੱਗਣ ਨਾਲ ਕੀਮਤੀ ਜਾਨਾਂ ਬਚ ਸਕਣਗੀਆਂ। ਸ਼੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਵਿੱਚ ਘੁੰਮ ਰਹੇ ਬੇਸਹਾਰਾ ਪਸ਼ੂਆਂ ਦੇ ਰਿਫਲੈਕਟਰ ਬੈਂਡ ਪਾਏ ਗਏ ਤਾਂ ਜੋ ਦੁਰਘਟਨਾਵਾਂ ਤੋਂ ਬਚਾਅ ਕੀਤਾ ਜਾ ਸਕੇ। ਇਸ ਮੌਕੇ ਡੀ.ਐਸ.ਪੀ. ਸਥਾਨਕ ਸ਼੍ਰੀ ਮਨੋਜ ਗੋਰਸੀ, ਡੀ.ਐਸ.ਪੀ. ਸਰਦੂਲਗੜ੍ਹ ਸ਼੍ਰੀ ਸੰਜੀਵ ਗੋਇਲ ਅਤੇ ਡੀ.ਐਸ.ਪੀ. ਬੁਢਲਾਡਾ ਸ਼੍ਰੀ ਬਲਜਿੰਦਰ ਪਨੂੰ ਤੋਂ ਇਲਾਵਾ ਸਮੂਹ ਵਿਲੇਜ ਪੁਲਿਸ ਅਫ਼ਸਰ ਮੌਜੂਦ ਸਨ।