ਮਾਨਸਾ 28,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸ਼ਾਹ ਮਸਤਾਨਾ ਜੀ ਦਾ ਜਨਮ ਮਹੀਨਾ ਅੱਜ ਜ਼ਿਲਾ ਮਾਨਸਾ ਦੀ ਸਾਧ ਸੰਗਤ ਨੇ ਸਰਸਾ ਰੋਡ ’ਤੇ ਸਥਿਤ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ’ਚ ਜ਼ਿਲਾ ਪੱਧਰੀ ਨਾਮ ਚਰਚਾ ਕਰਕੇ ਮਨਾਇਆ। ਨਾਮ ਚਰਚਾ ’ਚ ਜ਼ਿਲੇ ਭਰ ਦੀ ਸੰਗਤ ਤੋਂ ਇਲਾਵਾ ਆਪ ਆਗੂ ਡਾ. ਵਿਜੇ ਕੁਮਾਰ, ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਵਿੱਕੀ ਵੀ ਪੁੱਜੇ।
ਨਾਮ ਚਰਚਾ ਦੌਰਾਨ ਸ਼ਬਦ-ਭਜਨ ਬੋਲੇ ਗਏ ਅਤੇ ਡੇਰਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪ੍ਰਵਚਨਾਂ ਦੀ ਰਿਕਾਰਡਿੰਗ ਵੀਡੀਓ ਵੀ ਸੰਗਤ ਨੂੰ ਸੁਣਾਈ ਗਈ। ਸੰਗਤ ਨੂੰ ਸੰਬੋਧਨ ਕਰਦਿਆਂ ਸਾਧ ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਪਰਮਜੀਤ ਸਿੰਘ ਇੰਸਾਂ ਨੰਗਲ , ਮੇਜਰ ਸਿੰਘ ਖਿਆਲਾ ਅਤੇ 45 ਮੈਂਬਰ ਨਿੰਦਰ ਕੌਰ ਇੰਸਾਂ ਨੇ ਡੇਰਾ ਸੱਚਾ ਸੋਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 135 ਕਾਰਜਾਂ ’ਚ ਵਧ ਚੜ ਕੇ ਹਿੱਸਾ ਲੈਣ ਅਤੇ ਆਪਸੀ ਏਕਤਾ, ਪ੍ਰੇਮ-ਭਾਈਚਾਰਾ ਬਣਾਈ ਰੱਖਣ ਲਈ ਕਿਹਾ। ਪੁੱਜੀ ਹੋਈ ਸਾਧ ਸੰਗਤ ਨੇ ਦੋਵੇਂ ਹੱਥ ਖੜੇ ਕਰਕੇ ਆਪਸੀ ਏਕਤਾ ਬਣਾ ਕੇ ਲੋਕ ਭਲਾਈ ਦੇ ਕੰਮਾਂ ’ਚ ਡਟੇ ਰਹਿਣ ਦਾ ਪ੍ਰਣ ਦੁਹਰਾਇਆ। ਨਾਮ ਚਰਚਾ ਦੌਰਾਨ ਸਾਧ ਸੰਗਤ ਵੱਲੋਂ ਭਲਾਈ ਕਾਰਜਾਂ ਦੇ ਚਲਦਿਆਂ 50 ਲੋੜਵੰਦਾਂ ਨੂੰ ਕੰਬਲ ਵੀ ਵੰਡੇ। ਸਾਧ ਸੰਗਤ ਦੀ ਸਹੂਲਤ ਲਈ ਜਿੰਮੇਵਾਰਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਨਾਮ ਚਰਚਾ ਦੀ ਸਮਾਪਤੀ ’ਤੇ ਲੰਗਰ ਵੀ ਛਕਾਇਆ ਗਿਆ।