ਜ਼ਿਲਾ ਪ੍ਰੀਸ਼ਦ ਗੁਰਦਾਸਪੁਰ ਨੂੰ ਬਿਹਤਰੀਨ ਕਾਰਗੁਜ਼ਾਰੀ ਲਈ ਕੌਮੀ ਦੀਨ ਦਇਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਦੇਣ ਦਾ ਐਲਾਨ

0
20

ਚੰਡੀਗੜ, 4 ਅਪ੍ਰੈਲ (ਸਾਰਾ ਯਹਾਂ /ਮੁੱਖ ਸੰਪਾਦਕ) : ਕੇਂਦਰ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਨੇ ਹਰ ਪੱਖੋਂ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਬਦਲੇ ਜ਼ਿਲਾ ਪ੍ਰੀਸ਼ਦ ਗੁਰਦਾਸਪੁਰ ਨੂੰ ਇਸ ਵਰੇ ਦਾ ਦੀਨ ਦਇਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਕੌਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਹਰ ਵਰੇ ਦਿੱਤੇ ਜਾਣ ਵਾਲੇ ਇਹਨਾਂ ਪੁਰਸਕਾਰਾਂ ਵਿਚ ਜ਼ਿਲਾ ਪ੍ਰੀਸ਼ਦ ਗੁਰਦਾਸਪੁਰ ਤੋਂ ਬਿਨਾਂ ਸੂਬੇ ਦੀਆਂ ਦੋ ਬਲਾਕ ਸਮਿਤੀਆਂ ਅਤੇ ਨੌ ਗਰਾਮ ਪੰਚਾਇਤਾਂ ਨੂੰ ਵੀ ਵੱਖ ਵੱਖ ਕੌਮੀ ਪੁਰਸਕਾਰਾਂ ਲਈ ਚੁਣਿਆ ਗਿਆ ਹੈ।          ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਪੁਰਸਕਾਰਾਂ ਲਈ ਚੁਣੀਆਂ ਗਈਆਂ ਸਾਰੀਆਂ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇਹ ਪੁਰਸਕਾਰ ਇਹਨਾਂ ਸੰਸਥਾਵਾਂ ਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਤ ਕਰਨਗੇ। ਉਹਨਾਂ ਕਿਹਾ ਕਿ ਹੋਰਨਾਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਲੈ ਕੇ ਬਿਹਤਰੀਨ ਕਾਰਗੁਜ਼ਾਰੀ ਲਈ ਹੰਭਲਾ ਮਾਰਨਾ ਚਾਹੀਦਾ ਹੈ। ਸ਼੍ਰੀ ਬਾਜਵਾ ਨੇ ਕਿਹਾ ਕਿ ਪੰਚਾਇਤੀ ਰਾਜ ਸੰਸਥਾਵਾਂ ਨੰੁ ਸ਼ਕਤੀਸ਼ਾਲੀ ਅਤੇ ਮਜ਼ਬੂਤ ਕਰ ਕੇ ਹੀ ਪਿੰਡਾਂ ਦਾ ਸਰਬਪੱਖੀ ਅਤੇ ਪਾਇਦਾਰ ਵਿਕਾਸ ਕੀਤਾ ਜਾ ਸਕਦਾ ਹੈ।ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੀਮਾ ਜੈਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਜ਼ਿਲਾ ਲੁਧਿਆਣਾ ਦੀ ਸਮਰਾਲਾ ਅਤੇ ਜ਼ਿਲਾ ਪਟਿਆਲਾ ਦੀ ਭੁਨਰਹੇੜੀ ਬਲਾਕ ਸੰਮਿਤੀਆਂ ਦੀ ਚੋਣ ਪੁਰਸਕਾਰਾਂ ਲਈ ਕੀਤੀ ਗਈ ਹੈ। ਇਸੇ ਤਰਾਂ ਹੀ ਬਠਿੰਡਾ ਜ਼ਿਲੇ ਦੇ ਮੌੜ ਬਲਾਕ ਦੀ ਗਰਾਮ ਪੰਚਾਇਤ ਮਾਣਕ ਖਾਨਾ, ਕਪੂਰਥਲਾ ਜ਼ਿਲੇ ਦੇ ਢਿੱਲਵਾਂ  ਬਲਾਕ ਦੀ ਗਰਾਮ ਪੰਚਾਇਤ ਸੰਘੋਜਾਲਾ, ਅੰਮਿ੍ਰਤਸਰ ਜ਼ਿਲੇ ਦੇ ਰਈਆ ਬਲਾਕ ਦੀ ਗਰਾਮ ਪੰਚਾਇਤ ਮਹਿਤਾ, ਫ਼ਰੀਦਕੋਟ ਜ਼ਿਲੇ ਦੇ ਫ਼ਰੀਦਕੋਟ ਬਲਾਕ ਦੀ ਗਰਾਮ ਪੰਚਾਇਤ ਮਚਾਕੀ ਕਲਾਂ, ਲੁਧਿਆਣਾ ਜ਼ਿਲੇ ਦੇ ਮਾਛੀਵਾੜਾ ਬਲਾਕ ਦੀ ਗਰਾਮ ਪੰਚਾਇਤ ਗੁਰੂਗੜ, ਪਟਿਆਲਾ ਜ਼ਿਲੇ ਦੇ ਭੁਨਰਹੇੜੀ  ਬਲਾਕ ਦੀ ਗਰਾਮ ਪੰਚਾਇਤ ਦੇਵੀਨਗਰ ਅਤੇ ਫ਼ਾਜ਼ਿਲਕਾ ਜ਼ਿਲੇ ਦੇ ਫ਼ਾਜ਼ਿਲਕਾ ਬਲਾਕ ਦੀ ਗਰਾਮ ਪੰਚਾਇਤ ਥੇਹ ਕਲੰਦਰ ਦੀ ਵੀ  ਦੀਨ ਦਇਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਲਈ ਚੋਣ ਕੀਤੀ ਗਈ ਹੈ।ਉਹਨਾਂ ਦਸਿਆ ਕਿ ਇਹਨਾਂ ਤੋਂ ਬਿਨਾਂ ਜ਼ਿਲਾ ਕਪੂਰਥਲਾ ਦੇ ਢਿੱਲਵਾਂ ਬਲਾਕ ਦੀ ਨੂਰਪੁਰ ਲੁਬਾਣਾ ਗ੍ਰਾਮ ਪੰਚਾਇਤ ਨੂੰ ਬਾਲ-ਮਿੱਤਰਤਾਈ ਪੁਰਸਕਾਰ, ਗੁਰਦਾਸਪੁਰ ਜ਼ਿਲੇ ਦੇ ਧਾਰੀਵਾਲ ਬਲਾਕ ਦੀ ਛੀਨਾ ਗ੍ਰਾਮ ਪੰਚਾਇਤ ਨੂੰ ਗ੍ਰਾਮ ਪੰਚਾਇਤ ਵਿਕਾਸ ਵਿਉਂਤਬੰਦੀ ਪੁਰਸਕਾਰ ਅਤੇ ਜ਼ਿਲਾ ਬਠਿੰਡਾ ਦੇ ਮੌੜ ਬਲਾਕ ਦੀ ਮਾਣਕ ਖਾਨਾ ਗ੍ਰਾਮ ਪੰਚਾਇਤ ਨੂੰ ਨਾਨਾ ਜੀ ਦੇਸਮੁੱਖ ਗੌਰਵ ਗ੍ਰਾਮ ਸਭਾ ਪੁਰਸਕਾਰ ਦੇਣ ਲਈ ਚੁਣਿਆ ਗਿਆ ਹੈ। ਇਸ ਤਰਾਂ ਬਠਿੰਡਾ ਦੇ ਮੌੜ ਬਲਾਕ ਦੀ ਮਾਣਕ ਖਾਨਾ ਗ੍ਰਾਮ ਪੰਚਾਇਤ ਨੂੰ ਦੋ ਪੁਰਸਕਾਰ ਹਾਸਲ ਹੋਏ ਹਨ। ਉਹਨਾਂ ਕਿਹਾ ਕਿ ਇਹ ਸਾਰੇ ਪੁਰਸਕਾਰ ਪੰਚਾਇਤੀ ਰਾਜ ਸੰਸਥਾਵਾਂ ਨੂੰ ਹਰ ਪੱਖੋਂ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਉਣ ਲਈ ਦਿੱਤੇ ਜਾਂਦੇ ਹਨ।ਸੂਬੇ ਦੇ ਪੇਂਡੂ ਵਿਕਾਸ ਵਿਭਾਗ ਦੇ ਐਸ.ਆਈ ਆਰ.ਡੀ ਦੀ ਪ੍ਰੋਫੈਸਰ ਅਤੇ ਮੁੱਖੀ ਡਾ. ਰੋਜ਼ੀ ਵੈਦ ਨੇ ਦਸਿਆ ਕਿ ਇਹਨਾਂ ਪੁਰਸਕਾਰਾਂ ਲਈ ਚੁਣੀਆਂ ਗਈਆਂ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆ ਨੂੰ ਪੁਰਸਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਲੀ ਵਿਖੇ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ 21 ਅਪ੍ਰੈਲ ਨੰੁ ਹੋਣ ਵਾਲੇ ਸਮਾਗਮ ਵਿੱਚ ਦਿੱਤੇ ਜਾਣਗੇ। ਉਹਨਾਂ ਦਸਿਆ ਕਿ ਜ਼ਿਲਾ ਪ੍ਰੀਸ਼ਦ ਨੂੰ ਤਕਰੀਬਨ 50 ਲੱਖ, ਬਲਾਕ ਸੰਮਿਤੀ ਨੂੰ ਤਕਰੀਬਨ 25 ਲੱਖ ਅਤੇ ਗਰਾਮ ਪੰਚਾਇਤ ਨੂੰ ਤਕਰੀਬਨ 10 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਦੀ ਹੈ।    ———-   

LEAVE A REPLY

Please enter your comment!
Please enter your name here