ਮਾਨਸਾ, 30 ਮਈ (ਸਾਰਾ ਯਹਾਂ/ ਮੁੱਖ ਸੰਪਾਦਕ) : ਮੁੱਖ ਖੇਤੀਬਾੜੀ ਅਫਸਰ ਡਾ. ਸਤਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਅਤੇ ਬਲਾਕ ਪੱਧਰੀ ਟੀਮ ਵੱਲੋਂ ਸਾਂਝੇ ਤੌਰ ’ਤੇ ਪਿੰਡ ਦੂਲੋਵਾਲ ਵਿਖੇ ਨਰਮੇ ਦੇ ਬਿਜਵਾਏ ਗਏ ਪ੍ਰਦਰਸ਼ਨੀ ਪਲਾਂਟ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਡਾ. ਸੁਰੇਸ਼ ਕੁਮਾਰ ਨੇ ਕਿਸਾਨਾਂ ਨੂੰ ਦੱਸਿਆ ਕਿ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਾਉਣੀ 2023 ਦੌਰਾਨ ਬਲਾਕ ਦੇ ਹਰੇਕ ਸਰਕਲ ਵਿੱਚ ਨਰਮੇ ਦਾ ਇੱਕ ਪ੍ਰਦਰਸ਼ਨੀ ਪਲਾਂਟ ਲਗਾਇਆ ਗਿਆ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਨਰਮੇ ਦੀ ਫਸਲ ਵੱਲ ਉਤਸਾਹਿਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਰਮੇ ਦੀ ਫਸਲ ਲਈ ਸਿਫਾਰਸ ਕੀਤੀਆਂ ਕਿਸਮਾਂ, ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਹੋਈ ਬਾਰਿਸ ਨਰਮੇ ਦੀ ਫਸਲ ਲਈ ਬਹੁਤ ਲਾਹੇਵੰਦ ਹੈ। ਉਨਾਂ ਦੱਸਿਆ ਕਿ ਅਜੇ ਤੱਕ ਨਰਮੇ ਦੀ ਫਸਲ ਵਿੱਚ ਕਿਸੇ ਵੀ ਬਿਮਾਰੀ/ਕੀੜੇ-ਮਕੌੜੇ ਦਾ ਹਮਲਾ ਨਹੀ ਪਾਇਆ ਗਿਆ। ਉਨਾਂ ਕਿਸਾਨਾਂ ਨੂੰ ਨਰਮੇ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰਨ ਦੀ ਸਲਾਹ ਦਿੱਤੀ ਗਈ ਕਿਉਂਕਿ ਨਦੀਨ ਰਹਿਤ ਖੇਤ ਵਿੱਚ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ। ਇਸ ਟੀਮ ਨਾਲ ਪਿੰਡ ਦੂਲੋਵਾਲ ਦੇ ਕਿਸਾਨ ਮਿੱਤਰ ਸ੍ਰੀ ਪ੍ਰਗਟ ਸਿੰਘ ਵੀ ਮੌਕੇ ਤੇ ਹਾਜਰ ਸਨ।
ਇਸ ਟੀਮ ਵਿੱਚ ਜਿਲਾ ਸਿਖਲਾਈ ਅਫਸਰ ਡਾ. ਸੁਰੇਸ਼ ਕੁਮਾਰ, ਡਾ. ਮਨੋਜ ਕੁਮਾਰ, ਖੇਤੀਬਾੜੀ ਅਫਸਰ ਬਲਾਕ ਮਾਨਸਾ, ਸ੍ਰੀ ਪਰਾਗਦੀਪ ਸਿੰਘ, ਬੀ.ਟੀ.ਐਮ. ਅਤੇ ਸ੍ਰੀ ਗੁਰਬਖਸ ਸਿੰਘ, ਏ.ਐਸ.ਆਈ. ਸ਼ਾਮਲ ਸਨ।