
ਚੰਡੀਗੜ੍ਹ 07 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਜ਼ਹਿਰੀਲੀ ਸ਼ਰਾਬ ਨਾਲ ਤਰਨ ਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੰਡੀਗੜ੍ਹ ਵੱਲ ਧਾਵਾ ਬੋਲਿਆ। ਅਕਾਲੀ ਦਲ ਨੇ ਅੱਜ ਗਵਰਨਰ ਹਾਊਸ ਬਾਹਰ ਰੋਸ ਪ੍ਰਦਰਸ਼ਨ ਕਰਨਾ ਸੀ ਪਰ ਚੰਡੀਗੜ੍ਹ ਪੁਲਿਸ ਵੱਲੋਂ ਬਿਕਰਮ ਮਜੀਠੀਆ ਤੇ ਬਲਵਿੰਦਰ ਸਿੰਘ ਭੂੰਦੜ ਸਮੇਤ ਅਨੇਕਾਂ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਅਕਾਲੀ ਵਰਕਰਾਂ ਦੇ ਰੋਸ ਪ੍ਰਦਰਸ਼ਨ ਨੂੰ ਦੇਖ ਚੰਡੀਗੜ੍ਹ ਪੁਲਿਸ ਵੱਲੋਂ ਰਾਜ ਭਵਨ ਨੂੰ ਆਉਣ ਵਾਲੇ ਸਾਰੇ ਹੀ ਰਸਤੇ ਬਲਾਕ ਕਰਕੇ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ। ਅਕਾਲੀ ਦਲ ਦੇ ਵਰਕਰਾਂ ਨੂੰ 300 ਮੀਟਰ ਦੀ ਦੂਰੀ ‘ਤੇ ਹੀ ਚੰਡੀਗੜ੍ਹ ਪੁਲਿਸ ਨੇ ਬੈਰੀਕੇਡ ਲਾ ਕੇ ਰੋਕ ਲਿਆ। ਲਗਾਤਾਰ ਵਧ ਰਹੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲਿਸ ਵੱਲੋਂ ਸਾਰੇ ਹੀ ਅਕਾਲੀ ਦਲ ਦੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਮੌਕੇ ਬਿਕਰਮ ਮਜੀਠੀਆ ਨੇ ਕੈਪਟਨ ਦੀ ਤਰਨ ਤਾਰਨ ਫੇਰੀ ਨੂੰ ਮਹਿਜ਼ ਫ਼ੋਟੋ ਸੈਕਸ਼ਨ ਦੱਸਿਆ ਤੇ ਕਿਹਾ ਕਿ ਕੈਪਟਨ ਨੇ ਤਰਨ ਤਾਰਨ ਜਾ ਕੇ ਸਿਰਫ ਖਾਨਾਪੂਰਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਕਾਰਵਾਈ ਤਾਂ ਕੀ ਕਰਨੀ ਸੀ, ਉਲਟਾ ਦੋਸ਼ੀਆਂ ਨੂੰ ਤਰਨ ਤਾਰਨ ਆਪਣੇ ਨਾਲ ਹੀ ਘੁਮਾਉਂਦੇ ਰਹੇ।
ਅਕਾਲੀ ਦਲ ਨੇ ਇਸ ਪੂਰੇ ਕਾਂਡ ਲਈ ਸੀਬੀਆਈ ਦੀ ਜਾਂਚ ਮੰਗੀ ਤੇ ਈਡੀ ਨੂੰ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਨ ਲਈ ਕਿਹਾ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਜਾਅਲੀ ਸ਼ਰਾਬ ਵਿਕਣ ਨਾਲ ਪੰਜਾਬ ਦੇ ਰੈਵੇਨਿਊ ਨੂੰ ਨੁਕਸਾਨ ਪਹੁੰਚਿਆ ਤੇ ਦੋਸ਼ੀਆਂ ਨੇ ਸ਼ਰਾਬ ਵੇਚ ਕੇ ਮੋਟੀ ਕਮਾਈ ਕੀਤੀ ਹੈ। ਇਸ ਲਈ ਈਡੀ ਦੋਸ਼ੀਆਂ ਦੀ ਜਾਇਦਾਦ ਜ਼ਬਤ ਕਰੇ ਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰੇ।
