ਮਾਨਸਾ 28 (ਸਾਰਾ ਯਹਾ/ਬਪਸ): ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਜਿੱਥੇ 70 ਫੀਸਦੀ ਲੋਕ ਖੇਤੀਬਾੜੀ ਕਰਦੇ ਹਨ 6-7 ਦਹਾਕੇ ਪਹਿਲਾਂ ਭਾਰਤ ਵਿੱਚ ਕੁਦਰਤੀ ਖੇਤੀ ਕੀਤੀ ਜਾਂਦੀ ਸੀ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਹਰੀ ਕ੍ਰਾਂਤੀ ਦੇ ਨਾਂ ਤੇ ਜੋ ਕੇਂਦਰ ਨੇ ਪੰਜਾਬੀਆਂ ਨੂੰ ਪੰਪ ਦੇ-ਦੇਕੇ ਪੈਸਟੀਸਾਈਡ ਅਤੇ ਫਰਟੀਲਾਈਜ਼ਰ ਦੀ ਅੰਨ੍ਹੇ ਵਾਹ ਵਰਤੋਂ ਕਰਵਾਈ ਉਸ ਨਾਲ ਭਾਰਤ ਦੇ ਅੰਨ ਭੰਡਾਰ ਤਾਂ ਜਰੂਰ ਭਰ ਦਿੱਤੇ ਪਰ ਪੰਜਾਬੀਆਂ ਨੂੰ ਇਸ ਦੇ ਲਾਭ ਹੋਣ ਦੀ ਥਾਂ ਨੁਕਸਾਨ ਹੀ ਝੱਲਣੇ ਪੈ ਰਹੇ ਹਨ। ਦੇਸ਼ ਦੇ ਅੰਨ ਭੰਡਾਰ ਭਰਕੇ ਹਰ ਭਾਰਤੀ ਦੇ ਮੂੰਹ ਚ ਰੋਟੀ ਪਾਉਣ ਵਾਲਾ ਪੰਜਾਬ ਦਾ ਕਿਸਾਨ ਅੱਜ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ। ਪੂਰੇ ਭਾਰਤ ਦੇ ਧਰਾਤਲ ਦਾ 1.8 ਫੀਸਦੀ ਹਿੱਸੇ ਪੰਜਾਬ ਵਿੱਚ ਪੂਰੇ ਭਾਰਤ ਦੀ 18 ਫੀਸਦੀ ਤੋ ਵੀ ਜਿਆਦਾ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬੀਆਂ ਵੱਲੋ ਇੰਨੇ ਵੱਡੇ ਪੱਧਰ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਨਾ ਚਿੰਤਾ ਦਾ ਵਿਸ਼ਾ ਹੈ। ਲੋੜ ਤੋ ਵੱਧ ਵਰਤੇ ਕੀਟਨਾਸਕ ਦੇ ਨਤੀਜੇ ਇਹ ਹਨ ਕਿ ਬਠਿੰਡੇ ਤੋ ਬੀਕਾਨੇਰ ਨੂੰ ਜਾਣ ਵਾਲੀ ਟਰੇਨ ਨੂੰ ਲੋਕ ਕੈਸਰ ਟਰੇਨ ਦੇ ਨਾਮ ਨਾਲ ਜਾਣਨ ਲੱਗੇ ਹਨ। ਖੇਤੀਬਾੜੀ ਮਹਿਕਮੇ ਤੇ ਮਾਹਿਰਾਂ ਦੇ ਆਖੇ ਲੱਗ ਕੇ ਜਹਿਰਾ ਦੀ ਅੰਨ-ਵਾਹ ਵਰਤੋਂ ਕਰਕੇ ਆਪਣੀ ਪੈਦਾਵਾਰ ਦੇ ਨਾਲ-ਨਾਲ ਖਰਚੇ ਵੀ ਬਹੁਤ ਵਧਾ ਲਏ। ਹੁਣ ਇੱਕ ਹੱਦ ਤੇ ਆ ਕੇ ਸਾਡੀ ਪੈਦਾਵਾਰ ਰੁੱਕ ਗਈ ਹੈ ਤੇ ਖੇਤੀਬਾੜੀ ਤੇ ਹੋਣ ਵਾਲੇ ਖਰਚੇ ਲਗਾਤਾਰ ਵਧ ਰਹੇ ਹਨ ਜਿਸ ਕਰਕੇ ਸਾਡੀ ਖੇਤੀ ਇੱਕ ਘਾਟੇ ਦਾ ਸੌਦਾ ਬਣ ਚੁੱਕੀ ਹੈ ਤੇ ਸਾਡੀਆਂ ਫਸਲਾਂ ਦੀ ਕੁਆਲਿਟੀ ਬਹੁਤ ਹੇਠਲੇ ਪੱਧਰ ਤੇ ਰਹਿ ਗਈ ਹੈ।ਬਾਹਰਲੀਆਂ ਵੱਡੀਆਂ ਕੰਪਨੀਆਂ ਸਾਡੀ ਫਸਲਾਂ ਖਰੀਦਣ ਨੂੰ ਤਿਆਰ ਨਹੀਂ। ਕੁਝ ਜਾਗਰੂਕ ਲੋਕ ਰਵਾਇਤੀ ਫ਼ਸਲਾਂ ਨੂੰ ਛੱਡ ਜੈਵਿਕ ਖੇਤੀ ਵੱਲ ਨੂੰ ਆ ਰਹੇ ਹਨ ਜੋ ਆਪਣੇ ਖੇਤਾਂ ਵਿੱਚ ਜਹਿਰੀਲੇ ਰਸਾਇਣ ਦੀ ਜਗ੍ਹਾ ਕੁਦਰਤੀ ਜੈਵਿਕ ਖਾਦਾਂ ਦੀ ਵਰਤੋਂ ਕਰਦੇ ਹਨ ਅਤੇ ਘਰੇ ਬਣਾਏ ਦੇਸੀ ਨੁਕਤੇ ਅਪਣਾ ਕੇ ਜ਼ਹਿਰ ਮੁਕਤ ਖੇਤੀ ਕਰ ਰਹੇ ਹਨ। ਪਰ ਸਰਕਾਰ ਤੇ ਸਬੰਧਿਤ ਮਹਿਕਮੇ ਵੱਲੋ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਰਨ ਉਹ ਵੀ ਖੇਤੀ ਛੱਡ ਰਹੇ ਹਨ।ਪਿੰਡ ਭੰਮੇ ਕਲਾਂ ਵਿਖੇ ਜੈਵਿਕ ਖੇਤੀ ਕਰ ਰਹੇ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਤਿੰਨ ਸਾਲਾਂ ਤੋਂ ਜ਼ਹਿਰ ਮੁਕਤ ਖੇਤੀ ਕਰ ਰਿਹਾ ਹੈ ਉਹ ਆਪਣੇ ਖੇਤ ਵਿੱਚ ਜ਼ਹਿਰੀਲੀਆਂ ਕੇੈਮੀਕਲ ਦੀ ਜਗਾ ਦੇਸੀ ਨੁਕਤੇ ਅਪਣਾਕੇ ਜੈਵਿਕ ਖਾਦਾ ਦੀ ਵਰਤੋ ਕਰ ਰਿਹਾ ਹੈ। ਜੈਵਿਕ ਖੇਤੀ ਕਰਨ ਕਰਕੇ ਫਸਲਾਂ ਅਤੇ ਸਬਜ਼ੀਆਂ ਦਾ ਝਾੜ ਦੂਸਰਿਆਂ ਨਾਲੋਂ ਘੱਟ ਜਾਂਦਾ ਹੈ । ਸਬਜ਼ੀਆਂ ਦੇ ਆਕਾਰ ਇੱਕ ਦੂਜੇ ਨਾਲੋਂ ਵੱਡੇ ਛੋਟੇ ਹੋ ਜਾਂਦੇ ਹਨ ਅਤੇ ਫਸਲਾਂ ਦੇ ਉੱਪਰ ਉਹ ਚਮਕੀਲਾਪਣ ਨਹੀਂ ਜੋ ਬਾਜ਼ਾਰ ਵਿੱਚ ਮਿਲਦੀਆਂ ਸਬਜ਼ੀਆਂ ਤੇ ਕੀਟਨਾਸ਼ਕਾਂ ਜਾਂ ਹੋਰ ਕਈ ਤਰ੍ਹਾਂ ਦੇ ਕੈਮੀਕਲਾਂ ਦੀਆਂ ਸਪਰੇ
ਆਦਿ ਕਰਨ ਨਾਲ ਆਉਂਦਾ ਹੈ। ਜੈਵਿਕ ਸਬਜ਼ੀ ਦੀ ਕੁਆਲਿਟੀ ਹੈ ਇਸ ਦੀ ਵਰਤੋ ਕਰਨ ਨਾਲ ਵਿਅਕਤੀ ਤੰਦਰੁਸਤ ਰਹਿੰਦਾ ਹੈ। ਇਹ ਗੁਣਕਾਰੀ ਹੈ ਇਸ ਚ ਸਾਰੇ ਕੁਦਰਤੀ ਤੱਤ ਮੌਜੂਦ ਹੁੰਦੇ ਹਨ ਜਦ ਕਿ ਬਾਜ਼ਾਰ ਵਿੱਚ ਵਿਕ ਰਹੀਆਂ ਸਬਜ਼ੀਆਂ, ਫਲ-ਫਰੂਟ ਜੋ ਪੈਸਟੀਸਾਈਡ ਅਤੇ ਫਰਟੀਲਾਈਜ਼ਰ ਆਦਿ ਨਾਲ ਪੈਦਾ ਕੀਤੇ ਹੁੰਦੇ ਹਨ ਉਨ੍ਹਾਂ ਵਿੱਚ ਨਾਂ ਤਾਂ ਕੁਆਲਿਟੀ ਹੁੰਦੀ ਹੈ ਨਾ ਉਹ ਸੁਆਦ ਹੁੰਦਾ ਹੈ ।ਇਸ ਦੀ ਵਰਤੋ ਨਾਲ ਸਿਹਤ ਤੇ ਬੁਰਾ ਅਸਰ ਪੈਂਦਾ ਹੈ। ਜਿਸ ਕਾਰਨ ਅੱਜ ਮਨੁੱਖ ਵਿੱਚ ਬਿਮਾਰੀਆਂ ਵਧ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਜੈਵਿਕ ਸਬਜ਼ੀਆਂ ਨੂੰ ਵੇਚਣ ਵਿੱਚ ਭਾਰੀ ਦਿੱਕਤ ਆਉਂਦੀ ਹੈ ਕਿਉਂਕਿ ਸਾਡੇ ਨੇੜੇ ਕੋਈ ਵੀ ਅਜਿਹੀ ਮੰਡੀ ਨਹੀਂ ਜਿੱਥੇ ਆਰਗੈਨਿਕ (ਜੈਵਿਕ) ਸਬਜ਼ੀਆਂ ਨੂੰ ਵੇਚਿਆ ਜਾ ਸਕੇ ਤੇ ਸਾਨੂੰ ਇਨ੍ਹਾਂ ਸਬਜ਼ੀਆਂ ਦਾ ਉਚਿਤ ਮੁੱਲ ਮਿਲ ਸਕੇ । ਜੇਕਰ ਗੱਲ ਆਮ ਲੋਕਾਂ ਦੀ ਕੀਤੀ ਜਾਵੇ ਤਾਂ ਸ਼ਾਇਦ ਉਨ੍ਹਾਂ ਨੂੰ ਕਦੇ ਘੋੜੇ ਦੇ ਮੁੱਲ ਦੇ ਵਿੱਚ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ । ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ, ਸਿਵਲ ਪ੍ਰਸ਼ਾਸਨ, ਸਬੰਧਤ ਮਹਿਕਮਿਆਂ ਵੱਲੋਂ ਅੱਜ ਤੱਕ ਕੋਈ ਵੀ ਸਹਿਯੋਗ ਨਹੀਂ ਦਿੱਤਾ ਗਿਆ। ਉਨ੍ਹਾਂ ਕੁਝ ਜਾਗਰੂਕ ਆਮ ਲੋਕਾਂ, ਫੇਸਬੁੱਕ ਅਤੇ ਵਟਸਐਪ ਦੇ ਅਖੌਤੀ ਜਾਗਰੂਕ ਲੋਕਾਂ ਤੇ ਗਿਲਾ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਏ ਤੇ ਜ਼ਹਿਰ ਮੁਕਤ ਖੇਤੀ ਕਰਨ ਦੀਆਂ ਸਲਾਹਾਂ ਦੇਣ ਵਾਲੇ ਅਤੇ ਜ਼ਹਿਰ ਮੁਕਤ ਖੇਤੀ ਨੂੰ ਉਤਸ਼ਾਹਿਤ ਕਰਨ ਵਾਲੇ ਤਾਂ ਹਜਾਰਾਂ ਚ ਹਨ ਪਰ ਜੈਵਿਕ ਸਬਜੀਆਂ ਖਰੀਦਣ ਵਾਲੇ ਦਰਜਨਾਂ ਚ ਵੀ ਨਹੀਂ ਮਿਲਦੇ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਸੀ ਕਿ ਆਪਣੀ ਸਿਹਤ ਪ੍ਰਤੀ ਖਿਆਲ ਰੱਖਣ ਵਾਲੇ ਬਹੁਤ ਲੋਕ ਮਿਲਣਗੇ ਜੋ ਸਾਡੇ ਤੋ ਜਹਿਰ ਮੁੱਕਤ ਸਬਜੀਆਂ ਖਰੀਦਣਗੇ ਪਰ ਅਜਿਹਾ ਨਹੀਂ ਹੋਇਆਂ। ਉਨ੍ਹਾਂ ਕਿਹਾ ਕਿ ਜੈਵਿਕ ਖੇਤੀ ਇੱਕ ਸਮਾਜ ਸੇਵਾ ਦਾ ਕੰਮ ਹੈ ਪਰ ਹੈ ਘਾਟੇ ਦਾ ਸੌਦਾ। ਇਸ ਲਈ ਬਹੁਤੇ ਕਿਸਾਨ ਸਰਕਾਰ,ਪ੍ਰਸ਼ਾਸਨ ਅਤੇ ਸਬੰਧਤ ਮਹਿਕਮੇ ਵੱਲੋਂ ਸਹਿਯੋਗ ਨਾ ਮਿਲਣ ਕਰਕੇ ਛੱਡ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸੂਬਾ ਵਾਸੀਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਸੂਬੇ ਨੂੰ ਬਿਮਾਰੀ ਮੁੱਕਤ ਕਰਨ ਲਈ ਜਰੂਰੀ ਹੈ ਕਿ ਸੂਬੇ ਚ ਜਹਿਰ ਮੁੱਕਤ ਖੇਤੀ ਕਰਨ ਵਾਲਿਆਂ ਨੂੰ ਵਿਸ਼ੇਸ਼ ਰਾਹਿਤ ਪੈਕਜ ਦੇ ਕੇ ਜੈਵਿਕ ਖੇਤੀ ਨੂੰ ਉਤਸਾਹਤ ਕੀਤਾ ਜਾਵੇ ਤੇ ਜੈਵਿਕ ਸਬਜੀਆਂ ਆਦਿ ਵੇਚਣ ਲਈ ਵਿਸ਼ੇਸ਼ ਮੰਡੀਆਂ ਸਥਾਪਤ ਕੀਤੀਆਂ ਜਾਣ।ਇਸ ਸਬੰਧੀ ਜਗਦੀਸ਼ ਸਿੰਘ, ਸਹਾਇਕ ਡਾਇਰੈਕਟਰ ਬਾਗ਼ਬਾਨੀ ਮਾਨਸਾ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਸਮੇਂ-ਸਮੇਂ ਤੇ ਕੈਂਪ ਲਗਾ ਕੇ ਲੋਕਾਂ ਨੂੰ ਆਰਗੈਨਿਕ ਫ਼ਲ-ਸਬਜ਼ੀਆਂ ਦੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੋ ਲੋਕ ਵੱਡੇ ਪੱਧਰ ਤੇ ਆਰਗੈਨਿਕ ਫਲ-ਸਬਜ਼ੀਆਂ ਦੀ ਆਰਗੈਨਿਕ ਖੇਤੀ ਕਰਦੇ ਹਨ ਉਨ੍ਹਾਂ ਲਈ ਸਰਕਾਰ ਅਤੇ ਵਿਭਾਗ ਨੂੰ ਚਾਹੀਦਾ ਹੈ ਕਿ ਵੱਖਰੀਆਂ ਮੰਡੀਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਜੈਵਿਕ ਤਰੀਕੇ ਨਾਲ ਪੈਦਾ ਕੀਤੇ ਫਲਾਂ ਤੇ ਸਬਜ਼ੀਆਂ ਦਾ ਸਹੀ ਮੁੱਲ ਮਿਲ ਸਕੇ ਅਤੇ ਖਰੀਦਦਾਰ ਵੀ ਉਸ ਮੰਡੀ ਵਿੱਚ ਜਾ ਕੇ ਜੈਵਿਕ ਫਲ ਅਤੇ ਸਬਜ਼ੀਆਂ ਖਰੀਦ ਸਕਣ । ਜੇਕਰ ਇਨ੍ਹਾਂ ਕਿਸਾਨਾਂ ਦੇ ਲਈ ਵੱਖਰੀਆਂ ਮੰਡੀਆਂ ਸਥਾਪਤ ਹੋਣਗੀਆਂ ਤਾਂ ਇਨ੍ਹਾਂ ਨੂੰ ਆਪਣੀ ਉਪਜ ਦਾ ਸਹੀ ਰੇਟ ਵੀ ਮਿਲ ਸਕੇਗਾ ਨਤੀਜੇ ਵਜੋਂ ਕਿਸਾਨ ਜੈਵਿਕ ਖੇਤੀ ਵੱਲ ਪ੍ਰੇਰਤ ਹੋਣਗੇ। ਇਸ ਸਬੰਧੀ ਹਰਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਝੁਨੀਰ ਦਾ ਕਹਿਣਾ ਹੈ ਕਿ ਸਾਡੇ ਵਿਭਾਗ ਦੇ ਦਾਇਰੇ ਵਿੱਚ ਵੱਡੇ ਪੱਧਰ ਤੇ ਪੈਦਾ ਕੀਤੀਆਂ ਜਾਂਦੀਆਂ ਫਸਲਾਂ ਜਿਵੇਂ ਕਣਕ ਨਰਮਾ ਅਤੇ ਝੋਨਾ ਆਦਿ ਆਉਂਦੇ ਹਨ । ਉਨ੍ਹਾਂ ਵੱਲੋਂ ਇਨ੍ਹਾਂ ਫ਼ਸਲਾਂ ਤੇ ਵੀ ਰੇਹਾਂ ਅਤੇ ਸਪਰੇਹਾਂ ਦੀ ਘੱਟ ਵਰਤੋਂ ਕਰਨ ਲਈ ਕਿਸਾਨਾਂ ਨੂੰ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅਸੀਂ ਲੱਗਭੱਗ 30 ਏਕੜ ਦੇ ਨੇੜੇ ਨਰਮੇ ਦੀ ਆਰਗੈਨਿਕ ਖੇਤੀ ਕਰਵਾ ਰਹੇ ਹਾਂ । ਉਨ੍ਹਾਂ ਨਰਮੇ ਦੀ ਫਸਲ ਤੇ ਰਾਸਇਣਕ ਖਾਦਾਂ ਅਤੇ ਕੀਟਨਾਸਕਾ ਦੀ ਵਰਤੋਂ ਦੀ ਥਾਂ ਤੇ ਆਰਗੈਨਿਕ ਵਸਤੂਆਂ ਦੀ ਵਰਤੋਂ ਕਰਕੇ ਖੇਤੀ ਕਰਨ ਦਾ ਮਨ ਬਨਾਇਆ ਹੈ ।