
ਨਵੀਂ ਦਿੱਲੀ 18 ਜੁਲਾਈ 2020 (ਸਾਰਾ ਯਹਾ/ਬਿਓਰੋ ਰਿਪੋਰਟ) : ਜੇ ਤੁਸੀਂ ਆਪਣੀ ਗੱਡੀ ‘ਤੇ ਅਸਥਾਈ ਰਜਿਸਟ੍ਰੇਸ਼ਨ ਨੰਬਰ ਲਿਖ ਕੇ ਚਲਾਉਂਦੇ ਹੋ ਤਾਂ ਸਾਵਧਾਨ ਹੋ ਜਾਓ। ਕਿਉਕਿ ਨੰਬਰ ਪਲੇਟ ‘ਤੇ ਅਸਥਾਈ ਰਜਿਸਟ੍ਰੇਸ਼ਨ ਲਿਖੇ ਕਾਗਜ਼ ਚਿਪਕਾ ਕੇ ਵਾਹਨ ਚਲਾਉਣਾ ਹੁਣ ਅਪਰਾਧ ਬਣਾ ਦਿੱਤਾ ਗਿਆ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਹੋਰ ਦੋ ਤਰ੍ਹਾਂ ਦੀਆਂ ਨੰਬਰ ਪਲੇਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪਹਿਲਾ ਅਸਥਾਈ ਨੰਬਰ ਅਤੇ ਦੂਜਾ ਡੀਲਰ ਕੋਲ ਖੜ੍ਹੇ ਵਾਹਨਾਂ ਦੀਆਂ ਨੰਬਰ ਪਲੇਟਾਂ।
ਮੰਤਰਾਲਾ ਦਾ ਕਹਿਣਾ ਹੈ ਕਿ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਵਿਚ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਪਲੇਟ ਨੂੰ ਲੈ ਕੇ ਜੂਨ 1989 ਵਿਚ ਕੀਤੀ ਗਈ ਸੋਧ ਦੇ ਸਬੰਧ ਵਿਚ ਸਪੱਸ਼ਟਤਾ ਲਿਆਉਣ ਲਈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਮੰਤਰਾਲਾ ਦਾ ਇਹ ਵੀ ਕਹਿਣਾ ਹੈ ਕਿ ਰਜਿਸਟ੍ਰੇਸ਼ਨ ਨੰਬਰ ਪਲੇਟ ਨੂੰ ਲੈ ਕੇ ਸਪੱਸ਼ਟਤਾ ਲਿਆਉਣ ਲਈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਨਿਯਮਾਂ ਵਿਚ ਕੁਝ ਵੀ ਨਵਾਂ ਨਹੀਂ ਜੋੜਿਆ ਗਿਆ ਹੈ।
ਇਹ ਵੀ ਸਾਫ ਕੀਤਾ ਗਿਆ ਹੈ ਕਿ ਨੰਬਰ ਪਲੇਟ ’ਤੇ ਰਜਿਸਟ੍ਰੇਸ਼ਨ ਨੰਬਰ ਤੋਂ ਇਲਾਵਾ ਕੁਝ ਵੀ ਨਹੀਂ ਲਿਖਿਆ ਹੋਣਾ ਚਾਹੀਦਾ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਹੁਣ ਵਾਹਨਾਂ ‘ਤੇ ਖੇਤਰੀ ਭਾਸ਼ਾ ਅਤੇ ਛੋਟੇ ਅੱਖਰਾਂ ਵਿਚ ਰਜਿਸਟ੍ਰੇਸ਼ਨ ਨੰਬਰ ਲਿਖਵਾਉਣਾ ਗੈਰ ਕਾਨੂੰਨੀ ਹੋਵੇਗਾ।
ਇਥੋਂ ਤਕ ਕਿ ਸੂਬੇ ਵੱਲੋਂ ਨੀਲਾਮ ਕੀਤੇ ਜਾਣ ਵਾਲੇ ਵੀਆਈਪੀ ਨੰਬਰਾਂ ‘ਤੇ ਵੀ ਇਹ ਨਿਯਮ ਲਾਗੂ ਹੋਣਗੇ। ਸੀਐਮਵੀਆਰ ਵਿਚ ਨੰਬਰਾਂ ਦੇ ਆਕਾਰ ਅਤੇ ਰੰਗਾਂ ਨੂੰ ਵੀ ਸਪੱਸ਼ਟ ਕੀਤਾ ਗਿਆ ਹੈ।
