ਬੁਢਲਾਡਾ 22,ਫਰਵਰੀ (ਸਾਰਾ ਯਹਾ /ਅਮਨ ਮਹਿਤਾ)– ਇਕ ਪਾਸੇ ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਕਰ ਕੇ ਆਮ ਲੋਕਾਂ ਦਾ ਸਰਕਾਰ ਪ੍ਰਤੀ ਗੁੱਸਾ 7ਵੇਂ ਅਸਮਾਨ ’ਤੇ ਪੁੱਜ ਗਿਆ, ਉੱਥੇ ਦੂਜੇ ਪਾਸੇ ਸਬਜ਼ੀਆਂ ਦੇ ਭਾਅ ਵਿਚ ਹੋਣ ਲੱਗੇ ਵੱਡੇ ਵਾਧੇ ਮਗਰੋਂ ਹੁਣ ਘਰੇਲੂ ਰਸੋਈ ਦਾ ਬਜਟ ਵੱਡੇ ਪੱਧਰ ’ਤੇ ਵਿਗੜਨ ਲੱਗਾ ਹੈ। ਪਤਾ ਲੱਗਾ ਹੈ ਕਿ ਹਾਲੇ ਤਾਂ ਮੌਸਮ ਵਿਚ ਥੋੜ੍ਹੀ ਗਰਮੀ ਆਉਣ ਲੱਗੀ ਹੈ ਤੇ ਜੇਕਰ ਇਸ ਪੱਧਰ ’ਤੇ ਸਬਜ਼ੀਆਂ ਦੇ ਭਾਅ ਵਿਚ ਇੰਨਾ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ ਤਾਂ ਆਉਣ ਵਾਲੇ ਦਿਨਾਂ ਵਿਚ ਸਬਜ਼ੀਆਂ ਦੇ ਭਾਅ ਦੁੱਗਣੇ ਹੋਣ ਦੇ ਆਸਾਰ ਨਜਰ ਆ ਰਹੇ ਹਨ। ਸਬਜ਼ੀ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਹਰ ਸਬਜ਼ੀ ਲਈ ‘ਤੜਕੇ’ ਦੇ ਰੂਪ ਵਿਚ ਪੈਣ ਵਾਲਾ ਗੰਢਾ ਹੁਣ 50 ਰੁਪਏ ਪ੍ਰਤੀ ਕਿਲੋ ਨੂੰ ਪਾਰ ਕਰ ਗਿਆ ਹੈ, ਜਦੋਂਕਿ ਕੁਝ ਦਿਨ ਪਹਿਲਾਂ ਗੰਢੇ ਦੀ ਕੀਮਤ 20 ਤੋਂ 25 ਰੁਪਏ ਪ੍ਰਤੀ ਕਿਲੋ ਸੀ। ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਜਦੋਂ ਇਕਦਮ ਗੰਢੇ ਅਤੇ ਹੋਰ ਸਬਜ਼ੀਆਂ ਦੇ ਭਾਅ ਵਿਚ ਵਾਧਾ ਹੋਣ ਲੱਗੇ ਤਾਂ ਗੰਢੇ ਦੇ ਕਥਿਤ ਵੱਡੇ ਵਪਾਰੀਆਂ ਨੇ ਗੰਢੇ ਨੂੰ ਵੱਡੇ ਪੱਧਰ ’ਤੇ ਸਟੋਰ ਕਰਨ ਦੀ ‘ਚੋਰੀ-ਛੁਪੇ’ ਸ਼ੁਰੂਆਤ ਕਰ ਦਿੱਤੀ। ਇਸੇ ਕਰਕੇ ਹੁਣ ਮੰਡੀ ਵਿਚ, ਜੋ ਗੰਢੇ ਆ ਰਹੇ ਹਨ, ਉਸ ਨੂੰ ਛੋਟੇ ਵਪਾਰੀਆਂ ਵਲੋਂ ਜਿਥੇ ਪ੍ਰਚੂਨ ਵਿਚ ਵੇਚਿਆ ਜਾ ਰਿਹਾ, ਉੱਥੇ ਹੀ ਵੱਡੇ ਵਪਾਰੀ ਇਸ ਨੂੰ ਸਟਾਕ ਕਰਨ ਨੂੰ ਤਰਜੀਹ ਦੇ ਰਹੇ ਹਨ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਗੰਢੇ ਦੀ ਕੀਮਤ ਵੱਧਣ ਮਗਰੋਂ ਇਸ ਨੂੰ ਹੋਰ ਮਹਿੰਗੇ ਭਾਅ ’ਤੇ ਵੇਚਿਆ ਜਾ ਸਕੇ। ਇਸ ਤੋਂ ਇਲਾਵਾ ਹਰੀਆਂ ਮਿਰਚਾਂ ਦਾ ਭਾਅ 30 ਤੋਂ 60 ਰੁਪਏ ਕਿਲੋ, ਭਿੰਡੀ 60 ਤੋਂ 80 ਰੁਪਏ, ਬੈਂਗਣੀ 10 ਤੋਂ 25 ਰੁਪਏ ਤੇ ਹੋਰ ਸਬਜ਼ੀਆਂ ਦੇ ਭਾਅ ਵੀ ਲਗਭਗ 20 ਤੋਂ 30 ਫ਼ੀਸਦੀ ਵੱਧ ਗਏ ਹਨ। ‘‘ਸਬਜ਼ੀ ਖ਼ਰੀਦਣ ਆਈਆ ਸ਼ਹਿਰ ਦੇ ਵੱਖ ਵੱਖ ਖੇਤਰਾਂ ਅਤੇ ਗਲੀ ਮੁਹੱਲੀਆਂ ਦੀਆਂ ਘਰੇਲੂ ਅੋਰਤਾ ਰਜਨੀ ਰਾਣੀ, ਏਕਤਾ, ਪੂਨਮ ਬਜਾਜ, ਦੀਪਾਲੀ, ਸੁਮਨ ਲਤਾ, ਤ੍ਰਿਪਤਾ ਗੋਇਲ, ਚਿਨਾਰ ਆਦਿ ਨੇ ਕਿਹਾ ਕਿ ਅੱਜ ਮਹਿੰਗਾਈ ਦੇ ਕਾਰਣ ਘਰੇਲੂ ਰਸੋਈ ਛੋਟੀ ਹੋ ਚੁੱਕੀ ਹੈ, ਕਿਉਂਕਿ ਤੇਲਾਂ ਦੇ ਰੇਟ ਵਧਣ ਦੇ ਨਾਲ ਗੈਸ ਸਿੰਲਡਰ ਕਾਫ਼ੀ ਮਹਿੰਗੀ ਹੋ ਚੁੱਕੇ ਹਨ, ਜੋ ਅੱਜ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਤੇਲਾਂ ਦੀਆਂ ਕੀਮਤਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ ਜੋ ਅੱਜ ਮੱਧ ਵਰਗੀ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਲੋਕ ਆਪਣੇ ਘਰ ਦਾ ਚੁੱਲ੍ਹਾ ਤਪਾ ਸਕਣ। ਉਨ੍ਹਾਂ ਕਿਹਾ ਕਿ ਅੱਜ ਸਾਡੇ ਪੰਜਾਬ ਦੇ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਮਹਿੰਗਾਈ ਇੰਨੀ ਵਧ ਚੁੱਕੀ ਹੈ ਕਿ ਹਰ ਪਰਿਵਾਰ 10-10 ਕਿਲੋ ਦੀ ਜਗ੍ਹਾ 1-1 ਕਿਲੋ ਵਿਚ ਸਾਮਾਨ ਲੈ ਜਾਣ ਲਈ ਮਜਬੂਰ ਹੋ ਚੁੱਕਿਆ ਹੈ।’’ ਘਰੇਲੂ ਅੋਰਤਾ ਦਾ ਕਹਿਣਾ ਹੈ ਕਿ ਜਿਥੇ ਉਹ 10-10 ਕਿਲੋ ਗੰਢੇ ਘਰਾਂ ਵਿਚ ਲੈ ਕੇ ਜਾਂਦੀ ਸੀ ਹੁਣ ਉਹ ਕਿਲੋ-ਕਿਲੋ ਗੰਢੇ ਲੈ ਕੇ ਜਾਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਜੋ ਗੰਢੇ 15 ਤੋਂ 20 ਰੁਪਏ ਕਿਲੋ ਵਿਕਦੇ ਸੀ, ਅੱਜ ਉਹ ਗੰਢੇ 50 ਤੋਂ 55 ਰੁਪਏ ਕਿਲੋ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਗੰਢੇ ਦੇ ਵਧੇ ਰੇਟਾਂ ਨੇ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਵਗਣ ਲਗਾ ਦਿੱਤੇ ਹਨ।’’ਕੀ ਕਹਿਣਾ ਹੈ ਸਬਜ਼ੀ ਵਿਕਰੇਤਾ ਦਾ: ਮੰਡੀ ’ਚ ਸਬਜ਼ੀ ਦੀ ਦੁਕਾਨ ਚਲਾਉਣ ਵਾਲੇ ਸਬਜ਼ੀ ਵਿਕੇਰਤਾ ਬੰਟੀ, ਕਮਲੇਸ਼, ਮੁਨੀਸ਼, ਰਾਜੂ, ਰਾਧਾ ਲਾਲ ਆਦਿ ਨੇ ਕਿਹਾ ਕਿ ਤੇਲ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਜਿਥੇ ਟਰਾਂਸਪੋਰਟ ਮਹਿੰਗੀ ਹੋਈ ਹੈ, ਉਥੇ ਦੂਰ-ਦਰਾਡੇ ਤੋਂ ਆਉਣ ਵਾਲੀ ਸਬਜ਼ੀ ਦੇ ਰੇਟਾਂ ਵਿਚ ਕਾਫ਼ੀ ਵਾਧਾ ਹੋਇਆ ਹੈ। ਸਬਜ਼ੀਆਂ ਦੇ ਰੇਟਾਂ ਵਿਚ ਵਾਧਾ ਹੋਣ ਨਾਲ ਜਿਥੇ ਸਾਡੀਆਂ ਕਾਰੋਬਾਰ ’ਤੇ ਬਹੁਤ ਮਾੜਾ ਅਸਰ ਪਿਆ, ਕਿਉਂਕਿ ਸਾਰੀ ਦਿਹਾੜੀ ਵਿਹਲੇ ਬੈਠਕੇ ਮੁੜਨਾ ਪੈਂਦਾ ਹੈ, ਕਿਉਂਕਿ ਮਹਿੰਗੇ ਭਾਅ ਦੀ ਸਬਜ਼ੀ ਖ਼ਰੀਦਣ ਤੋਂ ਹਰੇਕ ਗਾਹਕ ਭੱਜ ਰਿਹਾ ਹੈ।ਫੋਟੋ: ਬੁਢਲਾਡਾ: ਗਾਹਕ ਦਾ ਇੰਤਜਾਰ ਕਰਦਿਆ ਦੁਕਾਨ ਅੰਦਰ ਪਈਆ ਸਬਜ਼ੀਆਂ। ਫੋਟੋ: ਬੁਢਲਾਡਾ: ਮਹਿੰਕਾਈ ਦੀ ਮਾਰ ਕਾਰਨ ਰਸੋਈ ਦਾ ਬਜਟ ਡਗਮਗਾਉਣ ਸੰਬੰਧੀ ਵਿਚਾਰ ਦਿੰਦਿਆਂ ਔਰਤਾਂ।Attachments area