
ਸਰਦੂਲਗੜ੍ਹ /ਮਾਨਸਾ, 05 ਅਗਸਤ:(ਸਾਰਾ ਯਹਾਂ/ਮੁੱਖ ਸੰਪਾਦਕ):

ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਅਤੇ ਐਸ ਡੀ ਐਮ ਸਰਦੂਲਗੜ੍ਹ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਵੱਲੋਂ ਸਰਦੂਲਗੜ੍ਹ ਦੇ ਰਵਿੰਦਰ ਨਗਰ ਸਮੇਤ ਪਿੰਡ ਸਾਧੂਵਾਲਾ ਅਤੇ ਫੂਸਮੰਡੀ ਵਿਖੇ ਹੜ੍ਹਾਂ ਨਾਲ ਨੁਕਸਾਨੇ ਘਰਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਨੁਕਸਾਨੇ ਘਰਾਂ ਦੇ ਮਾਲਕਾਂ ਦਾ ਆਧਾਰ ਨੰਬਰ ਅਤੇ ਬੈਂਕ ਖਾਤੇ ਦੇ ਵੇਰਵੇ ਇਕੱਤਰ ਕਰਨ ਦੀ ਹਦਾਇਤ ਕੀਤੀ ਤਾਂ ਜੋ ਸਹੀ ਤੇ ਪਾਰਦਰਸ਼ੀ ਢੰਗ ਨਾਲ ਨੁਕਸਾਨੇ ਘਰਾਂ ਦਾ ਮੁਆਵਜ਼ਾ ਦਿਵਾਇਆ ਜਾ ਸਕੇ।

ਉਨ੍ਹਾਂ ਬੀ ਡੀ ਪੀ ਓ ਤੋਂ ਸਰਦੂਲਗੜ੍ਹ ਇਲਾਕੇ ਦੇ ਹੜ੍ਹਾਂ ਕਾਰਨ ਨੁਕਸਾਨੇ ਘਰਾਂ ਦੀ ਗਿਣਤੀ ਬਾਰੇ ਜਾਣਕਾਰੀ ਲਈ ਅਤੇ ਖੁਦ ਘਰਾਂ ਵਿਚ ਜਾ ਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਪਿੰਡਾਂ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਡਟ ਕੇ ਲੋਕਾਂ ਨਾਲ ਖੜ੍ਹਾ ਹੈ ਅਤੇ ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਨੁਕਸਾਨ ਦਾ ਪਾਰਦਰਸ਼ੀ ਢੰਗ ਨਾਲ ਮੁਲਾਂਕਣ ਕਰਕੇ ਮੁਆਵਜ਼ਾ ਦਿਵਾਇਆ ਜਾਵੇਗਾ।

ਉਨ੍ਹਾਂ ਇਸ ਮੌਕੇ ਪਿੰਡ ਆਹਲੂਪੁਰ ਵਿਖੇ ਬਣ ਰਹੇ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਅਤੇ ਮਿੱਥੇ ਸਮੇਂ ਅੰਦਰ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਫੂਸਮੰਡੀ ਵਿਖੇ ਲੋਕਾਂ ਦੀ ਸੁਵਿਧਾ ਲਈ ਲਗਾਏ ਗਏ ਮੈਡੀਕਲ ਕੈਂਪ ਦਾ ਵੀ ਦੌਰਾ ਕੀਤਾ। ਇਸ ਮੌਕੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ , ਬੀ ਡੀ ਪੀ ਓ ਪਰਮਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।
