
ਮਾਨਸਾ (ਸਾਰਾ ਯਹਾਂ/ਬਿਊਰੋ ਨਿਊਜ਼ ) : ਅੱਜ ਮਾਨਸਾ ਸ਼ਹਿਰ ਦੇ ਸਵੈਇੱਛਕ ਖੂਨਦਾਨੀਆਂ ਨੇ ਡਿਪਟੀ ਡੀ.ਈ.ਓ.ਗੁਰਲਾਬ ਸਿੰਘ ਦੀ ਅਗਵਾਈ ਹੇਠ ਪੰਜਵੀਂ ਜਮਾਤ ਦੀ ਹੋਈ ਪ੍ਰੀਖਿਆ ਲਈ ਪੰਜਾਬ ਵਿਚੋਂ ਪਹਿਲੇ ਅਤੇ ਦੂਸਰੇ ਸਥਾਨ ਤੇ ਆਉਣ ਵਾਲੀਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਦੀਆਂ ਵਿਦਿਆਰਥਣਾਂ ਨੂੰ ਉਹਨਾਂ ਘਰ ਜਾ ਕੇ ਨਕਦ ਰਾਸ਼ੀ ਅਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ।ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਨੂੰ ਲੋਕ ਪਛੜਿਆ ਹੋਇਆ ਜ਼ਿਲ੍ਹਾ ਕਹਿੰਦੇ ਸਨ ਪਰ ਜਿਵੇਂ ਇਹਨਾਂ ਵਿਦਿਆਰਥਣਾਂ ਨੇ ਮਾਨਸਾ ਦਾ ਨਾਂ ਰੌਸ਼ਨ ਕੀਤਾ ਹੈ ਪਿਛਲੇ ਸਮਿਆਂ ਵਿੱਚ ਵੀ ਵੱਖ ਵੱਖ ਖੇਤਰਾਂ ਵਿੱਚ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ ਅੱਜ ਇਹਨਾਂ ਬੱਚੀਆਂ ਸਨਮਾਨਿਤ ਕਰਦਿਆਂ ਮਾਣ ਮਹਿਸੂਸ ਹੁੰਦਾ ਹੈ।ਡਾਕਟਰ ਵਰੁਣ ਮਿੱਤਲ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਨਾਲ ਦੇ ਕਾਫੀ ਡਾਕਟਰ ਮਾਨਸਾ ਦੇ ਸਕੂਲਾਂ ਅਤੇ ਕਾਲਜਾਂ ਵਿੱਚੋਂ ਪੜ ਕੇ ਹੀ ਡਾਕਟਰ ਬਣੇ ਹਨ ਅਤੇ ਹੋਰ ਖੇਤਰਾਂ ਵਿੱਚ ਵੀ ਉੱਚ ਉਹਦਿਆਂ ਤੇ ਵਿਰਾਜਮਾਨ ਹਨ।ਡਿਪਟੀ ਡੀ.ਈ.ਓ. ਗੁਰਲਾਭ ਸਿੰਘ ਨੇ ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਸਕੂਲ ਮੁਖੀ ਗੁਰਪ੍ਰੀਤ ਸਿੰਘ ਦੀ ਅਣਥੱਕ ਮਿਹਨਤ ਅਤੇ ਬੱਚੀਆਂ ਦੀ ਪੜਾਈ ਪ੍ਰਤੀ ਲਗਨ ਸਦਕਾ ਮਾਨਸਾ ਦਾ ਨਾਂ ਪੂਰੇ ਪੰਜਾਬ ਵਿੱਚ ਰੋਸ਼ਨ ਹੋਇਆ ਹੈ ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਇਹਨਾਂ ਦੀ ਅਗਲੀ ਪੜ੍ਹਾਈ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।ਬਲਜੀਤ ਸ਼ਰਮਾਂ ਅਤੇ ਪ੍ਰਵੀਨ ਟੋਨੀ ਨੇ ਵਧਾਈ ਦਿੰਦਿਆਂ ਕਿਹਾ ਉਹਨਾਂ ਦੇ ਇਸ ਗਰੁੱਪ ਵਲੋਂ ਭਵਿੱਖ ਵਿੱਚ ਵੀ ਅਜਿਹੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਸਹਿਯੋਗ ਕੀਤਾ ਜਾਂਦਾ ਰਹੇਗਾ।ਖੂਨਦਾਨੀ ਲੈਕਚਰਾਰ ਹੇਮਾਂ ਗੁਪਤਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਵੀ ਕਾਫ਼ੀ ਵਿਦਿਆਰਥੀ ਹੁਸ਼ਿਆਰ ਹੁੰਦੇ ਹਨ ਪਰ ਉਹਨਾਂ ਦੇ ਘਰਾਂ ਦੇ ਹਾਲਾਤ ਉਹਨਾਂ ਦੀ ਪੜ੍ਹਾਈ ਵਿੱਚ ਕਈ ਵਾਰ ਰੁਕਾਵਟ ਪੈਦਾ ਕਰਦੇ ਹਨ ਅਧਿਆਪਕਾਂ ਅਤੇ ਸਮਾਜਸੇਵੀ ਸੰਸਥਾਵਾਂ ਦੇ ਮੈਂਬਰਾਂ ਵਲੋਂ ਅਜਿਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪੜਾਈ ਦੀ ਅਹਿਮੀਅਤ ਸਮਝਾਉਂਦਿਆਂ ਉਹਨਾਂ ਦੀਆਂ ਬੱਚਿਆਂ ਦੀ ਪੜ੍ਹਾਈ ਵਿੱਚ ਆਉਣ ਵਾਲੀਆਂ ਦਿੱਕਤਾਂ ਦਾ ਹੱਲ ਕਰਨ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ।ਇਸ ਮੌਕੇ ਡਾਕਟਰ ਵਰੁਣ ਮਿੱਤਲ, ਸੰਜੀਵ ਪਿੰਕਾ, ਬਲਜੀਤ ਸ਼ਰਮਾਂ, ਪ੍ਰਵੀਨ ਟੋਨੀ ਸ਼ਰਮਾਂ, ਲੈਕਚਰਾਰ ਹੇਮਾਂ ਗੁਪਤਾ, ਅਧਿਆਪਕ ਗੁਰਪ੍ਰੀਤ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਸਨ।
