
ਬੁਢਲਾਡਾ 17 ਫਰਵਰੀ (ਸਾਰਾ ਯਹਾਂ/ਮਹਿਤਾ ਅਮਨ) ਪੈਟਰੋਲੀਅਮ ਅਤੇ ਕੁਦਰਤੀ ਗੈਸ ਵਿਭਾਗ ਭਾਰਤ ਸਰਕਾਰ ਵੱਲੋਂ ਭਾਰਤ ਪੈਟਰੋਲੀਅਮ ਦੇ ਸਹਿਯੋਗ ਨਾਲ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ ਰੱਖਣ ਦਾ ਸੁਨੇਹਾ ਦਿੰਦਿਆਂ ਸ਼ਹਿਰ ਅੰਦਰ ਹੋਲੀ ਹਾਰਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਰਵਾਨਾ ਕਰਨ ਦੀ ਰਸਮ ਥਾਣਾ ਸਿਟੀ ਦੇ ਮੁੱਖੀ ਭੁਪਿੰਦਰਜੀਤ ਸਿੰਘ ਵੱਲੋਂ ਝੰਡੀ ਦੇ ਕੇ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਭਾਰਤ ਪੈਟਰੋਲੀਅਮ ਦੇ ਟੈਰਾਟਰੀ ਕੋਆਰਡੀਨੇਟਰ ਕਪਿਲ ਨਿਰੰਜਣ, ਸੇਲਜ ਅਫਸਰ ਸ਼ਮਸ਼ੇਰ ਸੁਲਤਾਨੀਆਂ ਨੇ ਦੱਸਿਆ ਕਿ ਸੂਬੇ ਅੰਦਰ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਅਤੇ ਨਿੱਤ ਦਿਨ ਆਵਾਜਾਈ ਦੌਰਾਨ ਆਪਣੇ ਸਾਧਣਾਂ ਵਿੱਚ ਪੈਟਰੋਲੀਅਮ ਪਦਾਰਥਾਂ ਦੀ ਬੱਚਤ ਨੂੰ ਲੈ ਕੇ ਗਲੀ ਗਲੀ ਸ਼ਹਿਰ ਸ਼ਹਿਰ ਮੁਹਿੰਮ ਜਾਰੀ ਕੀਤੀ ਹੋਈ ਹੈ। ਜਿਸ ਅਧੀਨ ਬੱਚਿਆਂ ਤੋਂ ਲੈ ਕੇ ਹਰ ਵਰਗ ਦੇ ਵਿਅਕਤੀ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਮੁਹਿੰਮ ਦੀ ਲੜੀ ਵਜੋਂ ਅੱਜ਼ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਹਿਰ ਦੇ ਮੁੱਖ ਬਾਜਾਰਾਂ ਵਿੱਚ ਲੋਕਾਂ ਨੂੰ ਜਾਗਰੂਕਤ ਕਰਨ ਲਈ ਰੈਲੀ ਕੱਢੀ ਅਤੇ ਪੈਟਰੋਲ ਅਤੇ ਗੈਸੀ ਵਸਤਾਂ ਦੀ ਬੱਚਤ ਦਾ ਸੁਨੇਹਾ ਦਿੱਤਾ। ਇਸ ਮੌਕੇ ਸਕੂਲ ਚੇਅਰਮੈਨ ਸੰਜੀਵ ਕੁਮਾਰ ਸਿੰਗਲਾ ਅਤੇ ਪ੍ਰਿੰਸੀਪਲ ਭੁਪਿੰਦਰ ਸਿੰਘ ਨੇ ਲੋਕਾਂ ਨੂੰ ਲਾਹਵੰਦ ਕਰਦਿਆਂ ਕਿਹਾ ਕਿ ਸਾਨੂੰ ਲੋੜ ਅਨੁਸਾਰ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਦੀ ਫਜੂਲ ਵਰਤੋਂ ਨਾਲ ਜਿੱਥੇ ਵਾਤਾਵਰਣ ਗੰਧਲਾ ਹੁੰਦਾ ਹੈ ਉਥੇ ਮਨੁੱਖੀ ਜਿੰਦਗੀ ਨੂੰ ਵੀ ਤਰ੍ਹਾਂ ਤਰ੍ਹਾਂ ਬੀਮਾਰੀਆਂ ਨਾਲ ਜੂੰਝਣਾ ਪੈਂਦਾ ਹੈ। ਇਸ ਮੌਕੇ ਮਾ. ਗੁਰਜੰਟ ਸਿੰਘ ਬੋਹਾ, ਭਾਰਤ ਪੈਟਰੋਲੀਅਮ ਦੇ ਆਸ਼ੂਤੋਸ਼ ਗੌਤਮ, ਕੁਸ਼ ਗੁਪਤਾ ਤੋਂ ਇਲਾਵਾ ਸਕੂਲ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।
