*ਹੂਸੈਨੀਵਾਲਾ ‘ਚ ਵੀ ਮਨਾਇਆ ਗਿਆ ਵਿਸਾਖੀ ਦਾ ਦਿਹਾੜਾ, ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਗਈ ਅਰਪਿਤ*

0
5

ਫਿਰੋਜ਼ਪੁਰ :14,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) ਪੰਜਾਬ ਭਰ ਵਿਚ ਅੱਜ ਵਿਸਾਖੀ ਦਿਹਾੜੇ ਅਤੇ ਖਾਲਸਾ ਪੰਥ ਦੀ ਸਥਾਪਨਾ ਦਿਵਸ ਮੌਕੇ ਵੱਖ-ਵੱਖ ਥਾਈਂ ਖਾਸ ਸਮਾਗਮ ਹੋਏ । ਦੁਨੀਆ ਭਰ ਵਿਚ ਇਸ ਦਿਨ ਦੀ ਆਪਣੀ ਮਹੱਤਤਾ ਹੈ। ਫਿ਼ਰੋਜ਼ਪੁਰ ਵਿਚ ਇਸ ਦਿਨ `ਤੇ ਲੋਕ ਆਪਣੀ ਧਾਰਮਿਕ ਆਸਥਾ ਮੁਤਾਬਿਕ ਧਾਰਮਿਕ ਸਥਲ ਦੇ ਦਰਸ਼ਨ-ਦੀਦਾਰੇ ਕਰਨ ਦੇ ਨਾਲ-ਨਾਲ ਕੌਮਾਂਤਰੀ ਸਰਹੱਦ ਹੂਸੈਨੀਵਾਲਾ ਪੁੱਜ ਕੇ ਕੌਮ ਦੇ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹਨ। ਅੱਜ ਵਿਸਾਖੀ ਦੇ ਦਿਹਾੜੇ `ਤੇ ਵੱਡੀ ਗਿਣਤੀ ਵਿੱਚ ਦੂਰੋਂ ਦੂਰੋਂ ਲੋਕ ਕੌਮਾਂਤਰੀ ਸਰਹੱਦ ਹੂਸੈਨੀਵਾਲਾ ਪੁੱਜੇ ਜਿਸ ਦੌਰਾਨ ਲੋਕਾਂ ਦੀ ਸਹੂਲਤ ਲਈ ਸਪੇਸ਼ਲ ਰੇਲ ਅਤੇ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ। 


ਕੌਮਾਂਤਰੀ ਸਰਹੱਦ ਹੂਸੈਨੀਵਾਲਾ ਵਿਖੇ ਵਿਸਾਖੀ ਦੇ ਸ਼ੁਭ ਦਿਹਾੜੇ `ਤੇ ਕੌਮ ਦੇ ਹੀਰਿਆਂ ਨੂੰ ਸ਼ਰਧਾਂਜਲੀਆਂ ਅਰਪਿਤ ਕਰਨ ਆਏ ਲੋਕਾਂ ਨੇ ਕਿਹਾ ਕਿ ਬੇਸ਼ੱਕ ਇਹ ਦਿਹਾੜਾ ਧਾਰਮਿਕ ਪ੍ਰਥਾ ਨਾਲ ਜੁੜਦਾ ਹੈ, ਪਰ ਕੌਮ ਦੇ ਹੀਰੇ ਵੀ ਸਾਡੇ ਲਈ ਸਤਿਕਾਰਯੋਗ ਹਨ, ਕਿਉਂਕਿ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਅੱਜ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਹੋ ਆਜ਼ਾਦ ਫਿਜ਼ਾ ਦਾ ਆਨੰਦ ਮਾਣ ਰਹੇ ਹਾਂ। 


ਲੋਕਾਂ ਨੇ ਕਿਹਾ ਕਿ ਇਸ ਦਿਨ ਦੀ ਖੁਸ਼ੀ ਇਸ ਕਰਕੇ ਵੀ ਹੁੰਦੀ ਹੈ ਕਿ ਕਣਕ ਦੀ ਸੁਨਹਿਰੀ ਫਸਲ ਮੰਡੀਆਂ ਵਿਚ ਪੁੱਜ ਜਾਂਦੀ ਹੈ, ਜਿਸ ਨੂੰ ਦੇਖਦਿਆਂ ਹਰ ਇਕ ਦਾ ਮਨ ਖੁਦ-ਬ-ਖੁਦ ਖੁਸ਼ ਮਹਿਸੂਸ ਕਰਦਾ ਹੈ ਤੇ ਪਾਰਕ ਵਿੱਚ ਇਕ ਵੱਡਾ ਮੇਲਾ ਲਗਦਾ ਹੈ ਜਿਸ ਵਿੱਚ ਝੂਲੇ, ਖਾਨ ਪੀਣ ਦੇ ਸਟਾਲ ਲਗੇ ਹੋਏ ਸਨ।

ਗੌਰਤਲਬ ਹੈ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ 1699 ਈ ਦੀ ਵਿਸਾਖੀ ਨੂੰ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਖੁਦ ਉਨ੍ਹਾਂ ਪਾਸੋਂ ਅੰਮ੍ਰਿਤ ਛੱਕ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜੇ ਸਨ। ਹਰ ਸਾਲ ਇਸ ਪਾਵਨ ਦਿਹਾੜੇ ਦੀ ਯਾਦ ਨੂੰ ਤਾਜ਼ਾ ਕਰਦਿਆਂ ਤਖਤ ਸਾਹਿਬ ਨੂੰ ਬਹੁਤ ਸੁੰਦਰ ਤਰੀਕੇ ਨਾਲ ਸ਼ਿੰਗਾਰਿਆ ਤੇ ਰੁਸ਼ਨਾਇਆ ਜਾਂਦਾ ਹੈ।

NO COMMENTS