ਹੁਸ਼ਿਆਰਪੁਰ12,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਪੰਜਾਬ ‘ਚ ਕੋਰੋਨਾਵਾਇਰਸ ਇੱਕ ਫਿਰ ਤੋਂ ਪੈਰ ਪਸਾਰ ਰਿਹਾ ਹੈ, ਜਿਸ ਦੇ ਚਲਦਿਆਂ ਪ੍ਰਸਾਸ਼ਨ ਵਲੋਂ ਸਖ਼ਤੀ ਵਰਤਨੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਹੁਣ ਤੱਕ ਪੰਜਾਬ ਦੇ ਅੱਠ ਜ਼ਿਲ੍ਹਿਆਂ ‘ਚ ਨਾਈਟ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ ਨਾਲ ਹੀ ਕੋਰੋਨਾ ਨੂੰ ਰੋਕਣ ਲਈ ਨਿਯਮਾਂ ਦੀ ਪਾਲਣਾ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ‘ਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਣ ਕਾਰਨ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰਾਤ ਦਾ ਕਰਫਿਊ ਲਗਾਇਆ ਗਿਆ ਹੈ, ਜਿਸ ਤਹਿਤ ਰਾਤ 11 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਸਖਤੀ ਕੀਤੀ ਗਈ ਹੈ। ਇਸ ਸਖ਼ਤੀ ਦੇ ਮੱਦੇਨਜ਼ਰ ਏਬੀਪੀ ਸਾਂਝਾ ਵਲੋ ਰਾਤ 11 ਵਜੇ ਤੋ ਬਾਅਦ ਹੁਸ਼ਿਆਰਪੁਰ ਚ ਕਰਫਿਉ ਦੀ ਪਾਲਾਨਾ ਹੋ ਰਹੀ ਹੈ ਜਾਂ ਨਹੀਂ ਇਸਦਾ ਰਿਐਲਿਟੀ ਚੈੱਕ ਕੀਤਾ ਗਿਆ।
ਦੱਸ ਦਈਏ ਕਿ ਇਸ ਦੌਰਾਨ ਵੀ ਲੋਕ ਸੜਕਾਂ ‘ਤੇ ਆਮ ਵਾਂਗ ਹੀ ਆਵਾਜਾਈ ਕਰਦੇ ਨਜਰ ਆਏ। ਹਾਲਾਕਿ ਬਾਜਾਰ ਬੰਦ ਸੀ, ਪਰ ਕਈ ਲੋਕ ਸੜਕਾਂ ‘ਤੇ ਘੁੰਮਦੇ ਨਜ਼ਰ ਆਏ। ਮੀਡੀਆ ਕਰਮਚਾਰੀਆਂ ਨੂੰ ਦੇਖ ਕੇ ਪੁਲਿਸ ਮੁਸਤੈਦ ਹੋਈ। ਸਖ਼ਤੀ ਦੀ ਪਾਲਣਾ ਕਰਵਾਉਣ ਵਾਲੀ ਪੁਲਿਸ ਦੇ ਖੁਦ ਦੇ ਦੋ ਕਰਮਚਾਰੀ ਵੀ ਬਗੈਰ ਮਾਸਕ ਤੋਂ ਦਿਖਾਈ ਦਿੱਤੇ।
ਇਸ ਦੌਰਾਨ ਸ਼ਹਿਰ ਦੇ ਬੱਸ ਅੱਡੇ, ਰੇਲਵੇ ਸਟੇਸ਼ਨ, ਗਵਰਮੈਂਟ ਕਾਲਜ ਚੋਕ ਸ਼ਿਮਲਾ ਪਹਾੜੀ, ਪ੍ਰਭਾਤ ਚੌਂਕ ਅਤੇ ਸਟੇਸ਼ਨ ਸਮੇਤ ਵੱਖ-ਵੱਖ ਚੌਂਕਾਂ ਵਿਚ ਤੈਨਾਤ ਪੁਲਿਸ ਮੁਲਾਜਿਮਾਂ ਵੱਲੋਂ ਕਰਫਿਊ ਦੌਰਾਨ ਘੁੰਮ ਰਹੇ ਲੋਕਾਂ ‘ਤੇ ਕਾਰਵਾਈ ਕੀਤੀ ਗਈ। ਹੁਸ਼ਿਆਰਪੁਰ ‘ਚ ਮਾਸਕ ਨਾ ਪਹਿਨਣ ਅਤੇ ਨਾਈਟ ਕਰਫਿਊ ਦੌਰਾਨ ਗੈਰ ਜ਼ਰੂਰੀ ਆਵਾਜਾਈ ’ਤੇ ਕਾਰਵਾਈ ਕਰਦੇ ਹੋਏ
ਕਰਫਿਊ ਦੀ ਉਲੰਘਣਾ ’ਤੇ 36 ਮਾਮਲੇ ਦਰਜ ਕੀਤ ਗਏ ਜਦਕਿ ਮਾਸਕ ਨਾ ਪਹਿਨਣ ’ਤੇ 471 ਚਲਾਨ ਹੋਏ।