ਚੰਡੀਗੜ੍ਹ, 1 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ): ਪੰਜਾਬ ਵਿੱਚ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਇਹਨਾਂ ਮੌਕਿਆਂ ਦਾ ਲਾਹਾ ਲੈਣ ਲਈ ਹੁਨਰਮੰਦ ਬਣਾਉਣ ਵਾਸਤੇ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ (ਡੀ.ਈ.ਜੀ.ਐੱਸ.ਡੀ.ਟੀ.) ਅਧੀਨ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐੱਸ.ਡੀ.ਐਮ.) ਨੇ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਨੌਜਵਾਨਾਂ ਨੂੰ ਸਾਫਟ ਸਕਿੱਲ ਸਿਖਲਾਈ ਪ੍ਰਦਾਨ ਕਰਨ ਲਈ ‘ਮਿਸ਼ਨ ਸੁਨਹਿਰੀ’ ਦੀ ਸ਼ੁਰੂਆਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੇ ਸਕੱਤਰ ਕੁਮਾਰ ਰਾਹੁਲ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਪਹਿਲੇ ਪੜਾਅ ਵਿੱਚ ਘੱਟੋ-ਘੱਟ 1500 ਉਮੀਦਵਾਰਾਂ ਨੂੰ ਸਾਫਟ ਸਕਿੱਲ ਟਰੇਨਿੰਗ ਮੁਹੱਈਆ ਕਰਵਾਉਣਾ ਹੈ, ਜਿਨ੍ਹਾਂ ਦੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਡੀਈਜੀਐਸਡੀਟੀ ਦੇ ਪਲੇਸਮੈਂਟ ਸੈੱਲ ਵੱਲੋਂ ਤੁਰੰਤ ਪਲੇਸਮੈਂਟ ਲਈ ਪਛਾਣ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹਨਾਂ ਉਮੀਦਵਾਰਾਂ ਨੂੰ ਤਜਰਬੇਕਾਰ ਸਿਖਲਾਈ ਪੇਸ਼ੇਵਰਾਂ ਵੱਲੋਂ ਸੰਚਾਰ ਹੁਨਰ, ਲਿਸਨਿੰਗ ਸਕਿੱਲਸ ਅਤੇ ਸਾਫਟ ਸਕਿੱਲਸ, ਸ਼ਖਸੀਅਤ ਵਿਕਾਸ, ਟੀਮ ਵਰਕ, ਟੈਲੀਫੋਨਿਕ ਹੁਨਰ, ਕਸਟਮਰ-ਕਲਾਇੰਟ ਰਿਲੇਸ਼ਨਸ਼ਿਪ, ਕਾਲਸ ਇੰਬਾਉਂਡ ਅਤੇ ਆਊਟਬਾਊਂਡ, ਸੇਲਜ਼ ਸਕਿੱਲ, ਕੰਪਿਊਟਰ ਫੰਡਾਮੈਂਟਲਸ ਐਂਡ ਟਾਇਮ ਮੈਨੇਜਮੈਂਟ ਸਬੰਧੀ ਹੁਨਰ ਸਿਖਲਾਈ ਪ੍ਰੋਗਰਾਮ ਪ੍ਰਦਾਨ ਕੀਤਾ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦੀ ਮਿਆਦ 10 ਦਿਨਾਂ ਹੈ।ਇਸੇ ਦੌਰਾਨ ਡਾਇਰੈਕਟਰ ਜਨਰਲ ਡੀ.ਈ.ਜੀ.ਐਸ.ਡੀ.ਟੀ. ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਇਹ ਸਿਖਲਾਈ ਸਬੰਧਤ ਜ਼ਿਲ੍ਹਿਆਂ ਦੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿੱਚ ਦਿੱਤੀ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਘੱਟੋ-ਘੱਟ 12ਵੀਂ ਜਮਾਤ ਅਤੇ 18-35 ਸਾਲ ਦੀ ਉਮਰ ਵਾਲੇ ਉਮੀਦਵਾਰ ਇਸ ਸਿਖਲਾਈ ਪ੍ਰੋਗਰਾਮ ਵਿੱਚ ਦਾਖਲਾ ਲੈ ਸਕਦੇ ਹਨ। ਸ੍ਰੀਮਤੀ ਉੱਪਲ ਨੇ ਅੱਗੇ ਦੱਸਿਆ ਕਿ ਪੀਐਸਡੀਐਮ ਨੇ ਉਹਨਾਂ ਰੋਜ਼ਗਾਰਦਾਤਾਵਾਂ/ਉਦਯੋਗਾਂ ਤੋਂ ਜ਼ਿਲ੍ਹਾ-ਵਾਰ ਖਾਲੀ ਅਸਾਮੀਆਂ ਦੇ ਵੇਰਵੇ ਇਕੱਠੇ ਕੀਤੇ ਹਨ, ਜਿਨ੍ਹਾਂ ਨੂੰ ਹੁਨਰਮੰਦ ਨੌਜਵਾਨਾਂ ਦੀ ਜ਼ਰੂਰਤ ਹੈ। ਉਹਨਾਂ ਅੱਗੇ ਕਿਹਾ ਕਿ ਸਿਖਲਾਈ ਪ੍ਰੋਗਰਾਮ ਨੂੰ ਸੰਸਥਾ ਅਤੇ ਇਸਦੇ ਕਰਮਚਾਰੀਆਂ ਦੀਆਂ ਲੋੜਾਂ ਅਨੁਸਾਰ ਅਨੁਕੂਲਿਤ ਕੀਤਾ ਗਿਆ ਹੈ। ਸਿਖਲਾਈ ਦੇ ਸਫਲਤਾਪੂਰਵਕ ਮੁਕੰਮਲ ਹੋਣ ਉਪਰੰਤ, ਉਮੀਦਵਾਰਾਂ ਨੂੰ ਡੀ.ਈ.ਜੀ.ਐਸ.ਡੀ.ਟੀ. ਵੱਲੋਂ ਇਕੱਤਰ ਕੀਤੀਆਂ ਅਸਾਮੀਆਂ ਲਈ ਨੌਕਰੀ ਹਾਸਲ ਕਰਨ ਵਾਸਤੇ ਇੰਟਰਵਿਊ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ। ਇਸ ਦੌਰਾਨ ਸ੍ਰੀਮਤੀ ਉੱਪਲ ਨੇ ਡੀ.ਬੀ.ਈ.ਈਜ਼ ਨੂੰ ਕੋਸ਼ਿਸ਼ਾਂ ਹੋਰ ਤੇਜ਼ ਕਰਨ ਅਤੇ ਤਾਲਮੇਲ ਸਥਾਪਤ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕੀਤੇ ਜਾ ਸਕਣ।