
ਚੰਡੀਗੜ੍ਹ, 5 ਅਗਸਤ(ਸਾਰਾ ਯਹਾਂ/ ਮੁੱਖ ਸੰਪਾਦਕ ): ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਯੋਗਤਾ ਮਿਤੀ 01.01.2023 ਤੱਕ ਦੇ ਯੋਗ ਵੋਟਰਾਂ ਲਈ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਦੀ ਸ਼ੁਰੂਆਤ ਸਬੰਧੀ ਜਾਣੂ ਕਰਵਾਉਣ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ। ਡਾ. ਰਾਜੂ ਨੇ ਮੀਡੀਆ ਕਰਮੀਆਂ ਨੂੰ ਜਾਣੂੰ ਕਰਵਾਇਆ ਕਿ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 14 ਅਤੇ ਰਜਿਸਟ੍ਰੇਸ਼ਨ ਆਫ਼ ਇਲੈਕਟਰਸ ਰੂਲਜ਼, 1960 ਵਿੱਚ ਕੀਤੀ ਸੋਧ ਅਨੁਸਾਰ 1 ਅਗਸਤ, 2022 ਤੋਂ ਚਾਰ ਯੋਗਤਾ ਮਿਤੀਆਂ – 1 ਜਨਵਰੀ, 1 ਅਪਰੈਲ, 1 ਜੁਲਾਈ ਅਤੇ 1 ਅਕਤੂਬਰ ਦੀ ਵਿਵਸਥਾ ਕੀਤੀ ਗਈ ਹੈ ਅਤੇ ਇਹ ਮਿਤੀਆਂ 9 ਨਵੰਬਰ, 2022 ਤੋਂ ਸੁਧਾਈ ਸਬੰਧੀ ਗਤੀਵਿਧੀਆਂ ਦੀ ਸ਼ੁਰੂਆਤ ਤੋਂ ਲਾਗੂ ਹੋਣਗੀਆਂ।
ਇਸ ਸਬੰਧੀ ਪੇਸ਼ਕਾਰੀ ਦਿੰਦਿਆਂ ਸੀ.ਈ.ਓ. ਪੰਜਾਬ ਨੇ ਕਿਹਾ ਕਿ ਪਿਛਲੇ ਨਿਯਮ ਅਨੁਸਾਰ 1 ਜਨਵਰੀ ਨੂੰ ਯੋਗਤਾ ਮਿਤੀ ਵਜੋਂ ਲਿਆ ਜਾਂਦਾ ਸੀ ਅਤੇ 1 ਜਨਵਰੀ ਤੋਂ ਬਾਅਦ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨਾਗਰਿਕਾਂ ਨੂੰ ਵੋਟਰ ਵਜੋਂ ਅਪਲਾਈ ਕਰਨ ਲਈ ਅਗਲੇ ਸਾਲ ਦੀ ਉਡੀਕ ਕਰਨੀ ਪੈਂਦੀ ਸੀ। ਹੁਣ ਰਜਿਸਟ੍ਰੇਸ਼ਨ ਨਿਯਮ ਵਿੱਚ ਸੋਧ ਨਾਲ ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਦੇ ਇੱਕ ਸਾਲ ਵਿੱਚ ਚਾਰ ਮੌਕੇ ਮਿਲਣਗੇ।
ਸੀ.ਈ.ਓ. ਪੰਜਾਬ ਅਤੇ ਵਧੀਕ ਸੀ.ਈ.ਓ.ੳ ਪੰਜਾਬ ਬੀ ਸ੍ਰੀਨਿਵਾਸਨ ਨੇ ਮੀਡੀਆ ਕਰਮੀਆਂ ਨੂੰ ਦੱਸਿਆ ਕੀਤਾ ਕਿ ਸਵੈਇੱਛਤ ਅਧਾਰ ‘ਤੇ ਰਜਿਸਟਰਡ ਵੋਟਰਾਂ ਦੇ ਆਧਾਰ ਨੰਬਰ ਇਕੱਤਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਆਧਾਰ ਕਾਰਡ ਨੰਬਰਾਂ ਦੀ ਸਵੈ-ਇੱਛਤ ਇਕੱਤਰਤਾ ਦੇ ਉਦੇਸ਼ ਲਈ ਫਾਰਮ 6ਬੀ ਜਾਰੀ ਕੀਤਾ ਗਿਆ ਹੈ। ਵੋਟਰ ਆਨਲਾਈਨ/ਆਫਲਾਈਨ ਮੋਡ ਰਾਹੀਂ ਫਾਰਮ ਜਮ੍ਹਾਂ ਕਰ ਸਕਦੇ ਹਨ, ਹਾਲਾਂਕਿ, ਆਨਲਾਈਨ ਮੋਡ ਨੂੰ ਤਰਜੀਹ ਦਿੱਤੀ ਜਾਵੇਗੀ।
ਡਾ. ਰਾਜੂ ਨੇ ਕਿਹਾ ਕਿ ਪੂਰਵ-ਸੋਧ ਪ੍ਰਕਿਰਿਆ 4 ਅਗਸਤ, 2022 ਤੋਂ 24 ਅਕਤੂਬਰ, 2022 ਦੀ ਮਿਆਦ ਦਰਮਿਆਨ ਹੋਵੇਗੀ, ਜਿਸ ਵਿੱਚ ਪੋਲਿੰਗ ਸਟੇਸ਼ਨਾਂ ਦੀ ਤਰਕਸੰਗਤ/ਪੁਨਰ-ਵਿਵਸਥਾ ਅਤੇ ਈਪੀਆਈਸੀ ਵਿੱਚ ਜਨਸੰਖਿਆ ਦੀਆਂ ਸਮਾਨ ਐਂਟਰੀਆਂ (ਡੀਐਸਈਜ਼) ਅਤੇ ਫੋਟੋ ਸਮਾਨ ਇੰਦਰਾਜ਼ਾਂ (ਪੀਐਸਈਜ਼) ਨੂੰ ਹਟਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ 09.11.2022 ਤੋਂ 08.12.2022 ਤੱਕ ਸੋਧ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਅਤੇ ਇਸ ਸਮੇਂ ਦੌਰਾਨ ਨਾਗਰਿਕਾਂ ਨੂੰ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦਾ ਮੌਕਾ ਵੀ ਮਿਲੇਗਾ।
ਸੀ.ਈ.ਓ ਪੰਜਾਬ ਨੇ ਦੱਸਿਆ ਕਿ 19 ਅਤੇ 20 ਨਵੰਬਰ 2022 ਅਤੇ 3 ਅਤੇ 4 ਦਸੰਬਰ 2022 ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ ਜਿੱਥੇ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼) ਆਪੋ-ਆਪਣੇ ਪੋਲਿੰਗ ਸਟੇਸ਼ਨਾਂ ‘ਤੇ ਮੌਜੂਦ ਰਹਿਣਗੇ।
