
ਚੰਡੀਗੜ੍ਹ 05,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ):: ਆਮ ਆਦਮੀ ਪਾਰਟੀ ਪੰਜਾਬ ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਕੈਪਟਨ ਸਰਕਾਰ ਛੇਵੇਂ ਤਨਖਾਹ ਕਮਿਸਨ ਦੀ ਰਿਪੋਰਟ ਲਾਗੂ ਨਾ ਕਰਕੇ ਲੱਖਾਂ ਕਰਮਚਾਰੀਆਂ ਤੇ ਪੈਨਸਨਰਾਂ ਨਾਲ ਵਾਰ ਵਾਰ ਧੋਖਾ ਕਰ ਰਹੀ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਨਿਕੰਮਾ ਤੇ ਧੋਖੇਬਾਜ ਵਿੱਤ ਮੰਤਰੀ ਦੱਸਦਿਆਂ `ਕਿਹਾ ਕਿ ਜਿਹੜਾ ਵਿੱਤ ਮੰਤਰੀ ਸਰਕਾਰੀ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਦੇ ਸਕਦਾ, ਅਜਿਹੇ ਵਿੱਤ ਮੰਤਰੀ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਦੇ ਕਰੀਬ 4 ਲੱਖ ਕਰਮਚਾਰੀ ਅਤੇ 4 ਲੱਖ ਪੈਨਸ਼ਨਰ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਦਿੱਤੇ ਜਾਣ ਵਾਲੇ ਆਰਥਿਕ ਲਾਭ ਦੀ ਸਾਲ 2016 ਤੋਂ ਉਡੀਕ ਕਰ ਰਹੇ ਹਨ, ਪਰ ਪਿਛਲੀ ਬਾਦਲ ਸਰਕਾਰ ਵਾਂਗ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕਮਿਸ਼ਨ ਦੀ ਰਿਪੋਰਟ ਨੂੰ ਵਾਰ ਵਾਰ ਟਾਲ ਰਹੀ ਹੈ। ਪ੍ਰਿੰਸੀਪਲ ਬੁੱਧ ਰਾਮ ਮੁਤਾਬਿਕ, ਜਿਸ ਕਮਿਸ਼ਨ ਦੀ ਰਿਪੋਰਟ ਦੀ 1 ਜਨਵਰੀ 2016 ਤੋਂ ਲਾਗੂ ਹੋਣੀ ਸੀ, ਉਹ ਬਾਦਲ ਅਤੇ ਕੈਪਟਨ ਸਰਕਾਰਾਂ ਦੀ ਨਲਾਇਕੀ ਕਾਰਨ ਅੱਜ ਤੱਕ ਲਾਗੂ ਨਹੀਂ ਹੋਈ।
ਉਨ੍ਹਾਂ ਕਿਹਾ ਮੁੱਖ ਮੰਤਰੀ ਵਲੋਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ 1 ਜੁਲਾਈ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਸੀ ਜੋ ਉਨ੍ਹਾਂ ਦੇ ਹਰ ਵਾਅਦੇ ਤਰ੍ਹਾਂ ਧੋਖਾ ਨਿਕਲਿਆ ਤੇ ਹੁਣ 6ਵੇਂ ਤਨਖ਼ਾਹ ਕਮਿਸ਼ਨ ਦਾ ਕਾਰਜਕਾਲ 31 ਅਗਸਤ ਤਕ ਵਧਾ ਦਿੱਤਾ ਗਿਆ ਹੈ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸੂਬੇ ਦੇ ਕਰਮਚਾਰੀ 5ਵੇਂ ਤਨਖਾਹ ਕਮਿਸ਼ਨ ਦੀਆਂ 15 ਸਾਲ ਪੁਰਾਣੀਆਂ ਸਿਫਾਰਸ਼ਾਂ ‘ਤੇ ਕੰਮ ਕਰ ਰਹੇ ਹਨ, ਜਦਕਿ ਇਨਾਂ ਸਾਲਾਂ ਦੌਰਾਨ ਮਹਿੰਗਾਈ ਕਈ ਗੁਣਾਂ ਵੱਧ ਗਈ ਹੈ ਕਿਉਂਕਿ ਇਸ ਤੋਂ ਪਹਿਲਾ ਜਨਵਰੀ 2006 ‘ਚ ਪੰਜਾਬ ਵਿੱਚ 5ਵਾਂ ਤਨਖਾਹ ਕਮਿਸਨ ਆਇਆ ਸੀ, ਹੁਣ ਸਾਲ 2021 ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿੰਨੇ ਸ਼ਰਮ ਦੀ ਗੱਲ ਹੈ ਕਿ ਦੇਸ ਦੇ ਸਭ ਤੋਂ ਅਮੀਰ ਸੂਬੇ ਦੀ ਸਰਕਾਰ ਆਪਣੇ ਮੁਲਾਜਮਾਂ ਅਤੇ ਪੈਨਸਨਰਾਂ ਨੂੰ ਛੇਵੇਂ ਤਨਖਾਹ ਕਮਿਸਨ ਦੇ ਲਾਭ ਨਹੀਂ ਰਹੀ, ਜਦਕਿ ਕਈ ਸੂਬਿਆਂ ਸਮੇਤ ਕੇਂਦਰ ਦੀ ਸਰਕਾਰ ਨੇ 7ਵੇਂ ਕਮਿਸਨ ਦੀਆਂ ਸਿਫਾਰਸਾਂ ਦੇ ਲਾਭ ਵੀ ਦੇ ਦਿੱਤੇ ਹਨ।
