
ਚੰਡੀਗੜ੍ਹ 26,ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਦੇਸ਼ ਭਰ ਵਿੱਚ ਕੋਰੋਨਾ ਕਹਿਰ ਮਗਰੋਂ ਦੂਜੇ ਰਾਜਾਂ ਦੇ ਮਰੀਜ਼ ਇਲਾਜ ਲਈ ਪੰਜਾਬ ਆ ਰਹੇ ਹਨ। ਪੰਜਾਬ ਵਿੱਚ ਦਿੱਲੀ, ਹਰਿਆਣਾ ਤੇ ਹਿਮਾਚਲ ਤੋਂ ਆ ਕੇ ਮਰੀਜ਼ ਇਲਾਜ ਕਰਵਾ ਰਹੇ ਹਨ। ਪੰਜਾਬ ਵਿੱਚ ਦੂਜਿਆਂ ਰਾਜਾਂ ਦੇ ਮੁਕਾਬਲੇ ਵਧੀਆ ਸਿਹਤ ਸਹੁਲਤਾਂ ਕਰਕੇ ਮਰੀਜ਼ ਇੱਥੇ ਪਹੁੰਚ ਰਹੇ ਹਨ।
ਦੱਸ ਦਈਏ ਕਿ ਗੁਆਂਢੀ ਰਾਜਾਂ ਦੇ ਹਸਪਤਾਲਾਂ ਵਿੱਚ ਬਿਸਤਰਿਆਂ ਤੇ ਆਕਸੀਜਨ ਦੀ ਸਪਲਾਈ ਦੀ ਘਾਟ ਕਾਰਨ ਹਾਹਾਕਾਰ ਮੱਚੀ ਹੋਈ ਹੈ। ਅਜਿਹੇ ਵਿੱਚ ਕੋਰੋਨਾ ਮਰੀਜ਼ਾਂ ਨੇ ਪੰਜਾਬ ਵੱਲ ਰੁਖ ਕੀਤਾ ਹੈ। ਦਿੱਲੀ ਤੋਂ ਆਏ ਬਹੁਤ ਸਾਰੇ ਮਰੀਜ਼ ਪਟਿਆਲਾ, ਜਲੰਧਰ ਤੇ ਹੋਰ ਥਾਵਾਂ ਦੇ ਹਸਪਤਾਲਾਂ ਵਿੱਚ ਦਾਖਲ ਹਨ। ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਮਰੀਜ਼ ਵੀ ਪੰਜਾਬ ਆ ਰਹੇ ਹਨ।
ਪਟਿਆਲਾ ਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ, ”ਇਸ ਵੇਲੇ ਦਿੱਲੀ ਦੇ 13-14 ਮਰੀਜ਼ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਅਧੀਨ ਹਨ। ਡਾਕਟਰਾਂ ਨੇ ਕਿਹਾ ਕਿ ਦਿੱਲੀ ਸਥਿਤ ਕੋਵਿਡ-19 ਦੇ ਮਰੀਜ਼, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਆਕਸੀਜਨ ਦੀ ਜ਼ਰੂਰਤ ਹੈ, ਉਹ ਪੰਜਾਬ ਆ ਰਹੇ ਹਨ। ਬਹੁਤ ਸਾਰੇ ਮਰੀਜ਼ ਆਪਣੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਰਾਹੀਂ ਪੰਜਾਬ ਦੇ ਹਸਪਤਾਲਾਂ ਵਿੱਚ ਦਾਖਲ ਹੋ ਰਹੇ ਹਨ।
ਦੂਜੇ ਰਾਜਾਂ ਦੇ 35-40 ਮਰੀਜ਼ ਜਲੰਧਰ ਦੇ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਕਿਹਾ, ‘‘ਇਨ੍ਹਾਂ ਮਰੀਜ਼ਾਂ ਵਿੱਚੋਂ 12-13 ਮਰੀਜ਼ ਦਿੱਲੀ ਦੇ ਹਨ, ਜਦਕਿ ਬਾਕੀ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਜੰਮੂ ਦੇ ਹਨ।
ਉਧਰ, ਪੰਜਾਬ (Punjab) ਅੰਦਰ ਕੋਰੋਨਾ (Corona) ਦੇ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 76 ਹੋਰ ਲੋਕਾਂ ਦੀ ਮੌਤ (Covid Death) ਦਰਜ ਕੀਤੀ ਗਈ ਹੈ। ਜਦਕਿ 7,014 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ (Active Corona Cases in Punjab) ਦੀ ਗਿਣਤੀ 48,154 ਹੋ ਗਈ ਹੈ।
ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਹਰ ਰੋਜ਼ ਕਰੀਬ ਤਿੰਨ ਲੱਖ ਤੋਂ ਜ਼ਿਆਦਾ ਕੋਰੋਨਾ ਕੇਸ ਸਾਹਮਣੇ ਆਉਣ ਲੱਗੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਚ 3,49,691 ਨਵੇਂ ਕੋਰੋਨਾ ਕੇਸ ਆਏ ਜਦਕਿ 2,767 ਦੀ ਮੌਤ ਕੋਰੋਨਾ ਕਾਰਨ ਹੋਈ ਹੈ
