ਹੁਣ ਪੰਜਾਬ ਦੀ ਜ਼ਮੀਨੀ ਹਕੀਕਤ ਜਾਣਨਗੇ ਮੋਦੀ, ਪੰਜਾਬ ਦੇ ਲੀਡਰਾਂ ਨਾਲ ਮੀਟਿੰਗ ਮਗਰੋਂ ਹੋ ਸਕਦਾ ਵੱਡਾ ਐਲਾਨ

0
97

ਚੰਡੀਗੜ੍ਹ 05 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਕੇਂਦਰ ਸਰਕਾਰ ਜਲਦ ਹੀ ਖੇਤੀ ਕਾਨੂੰਨਾਂ ਬਾਰੇ ਵੱਡਾ ਫੈਸਲਾ ਲੈਣ ਜਾ ਰਹੀ ਹੈ। ਇਸ ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਪੰਜਾਬ ਦੇ ਦੋ ਸੀਨੀਅਰ ਲੀਡਰਾਂ ਨਾਲ ਮੀਟਿੰਗ ਕਰ ਰਹੇ ਹਨ। ਇਹ ਦੋਵੇਂ ਲੀਡਰ ਬੀਜੇਪੀ ਦਾ ਸਿੱਖ ਚਿਹਰਾ ਹਰਜੀਤ ਸਿੰਘ ਗਰੇਵਾਲ ਤੇ ਕਿਸਾਨਾਂ ਦੇ ਹੱਕ ‘ਚ ਖੜ੍ਹਨ ਵਾਲੇ ਸੁਰਜੀਤ ਕੁਮਾਰ ਜਿਆਣੀ ਹਨ।

ਮੰਨਿਆ ਜਾ ਰਿਹਾ ਹੈ ਕਿ ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਦੀ ਜਿੱਦ ਤੋਂ ਜਿਆਣੀ ਖੁਸ਼ ਨਹੀਂ। ਉਹ ਪਹਿਲਾਂ ਵੀ ਇਸ ਬਾਰੇ ਜਨਤਕ ਤੌਰ ‘ਤੇ ਕਹਿ ਚੁੱਕੇ ਹਨ। ਦੂਜੇ ਪਾਸੇ ਬੀਜੇਪੀ ਦਾ ਸਿੱਖ ਚਿਹਰਾ ਹੋਣ ਕਰਕੇ ਹਰਜੀਤ ਸਿੰਘ ਗਰੇਵਾਲ ਨੂੰ ਵੀ ਕਾਫੀ ਦਿੱਕਤ ਆ ਰਹੀ ਹੈ। ਸੋਸ਼ਲ ਮੀਡੀਆ ਉੱਪਰ ਉਨ੍ਹਾਂ ਖਿਲਾਫ ਮੁਹਿੰਮ ਵਿੱਢੀ ਗਈ ਹੈ। ਇਸ ਲਈ ਮੋਦੀ ਖੁਦ ਇਨ੍ਹਾਂ ਲੀਡਰਾਂ ਤੋਂ ਜ਼ਮੀਨੀ ਹਕੀਕਤ ਜਾਣਨਾ ਚਾਹੁੰਦੇ ਹਨ।

ਕਾਬਲੇਗੌਰ ਹੈ ਕਿ ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨ ਰੱਦ ਕਰਾਉਣ ਲਈ ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਕੀਤੇ ਜਾ ਰਹੇ ਅੰਦੋਲਨ ਦਾ ਸਭ ਵੱਧ ਸੇਕ ਬੀਜੇਪੀ ਨੂੰ ਲੱਗਿਆ ਹੈ। ਸੂਬੇ ਵਿੱਚ ਬੀਜੇਪੀ ਲੀਡਰਾਂ ਵਿਰੁੱਧ ਕਿਸਾਨਾਂ ਵਿੱਚ ਰੋਹ ਵਧਦਾ ਜਾ ਰਿਹਾ ਹੈ। ਬੀਜੇਪੀ ਲੀਡਰਾਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ’ਤੇ ਪਾਰਟੀ ਹਾਈ ਕਮਾਨ ਵੀ ਪ੍ਰੇਸ਼ਾਨ ਹੈ।

ਉਧਰ, ਕਿਸਾਨ ਲੀਡਰਾਂ ਨੇ ਐਲਾਨ ਕੀਤਾ ਹੈ ਕਿ ਖੇਤੀ ਕਾਨੂੰਨਾਂ ਦੀ ਹਮਾਇਤ ਕਰਨ ਵਾਲੇ ਕਿਸੇ ਵੀ ਸਿਆਸੀ ਲੀਡਰ ਨੂੰ ਪਿੰਡਾਂ ’ਚ ਵੜਨ ਨਹੀਂ ਦਿੱਤਾ ਜਾਵੇਗਾ ਤੇ ਹਰ ਤਰ੍ਹਾਂ ਨਾਲ ਵਿਰੋਧ ਕੀਤਾ ਜਾਵੇਗਾ। ਸੂਬੇ ਵਿੱਚ 100 ਤੋਂ ਵੱਧ ਥਾਵਾਂ ’ਤੇ ਠੰਢ ਦੌਰਾਨ ਵੀ ਦਿਨ-ਰਾਤ ਦੇ ਧਰਨੇ ਜਾਰੀ ਰਹੇ। ਕਿਸਾਨਾਂ ਵੱਲੋਂ ਬੀਜੇਪੀ ਲੀਡਰਾਂ ਨੂੰ ਹਰ ਥਾਂ ਘੇਰਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here