*ਹੁਣ, ਨਾਗਰਿਕ ਸਾਈਬਰ ਵਿੱਤੀ ਧੋਖਾਧੜੀ ਨਾਲ ਸਬੰਧਤ ਸ਼ਿਕਾਇਤਾਂ ਦਰਜ ਕਰਨ ਲਈ 1930 ਕਰ ਸਕਦੇ ਹਨ ਡਾਇਲ*

0
49

ਚੰਡੀਗੜ੍ਹ, 6 ਅਪ੍ਰੈਲ .(ਸਾਰਾ ਯਹਾਂ/ ਮੁੱਖ ਸੰਪਾਦਕ ): ਸੂਬੇ ਵਿੱਚ ਸਾਈਬਰ ਵਿੱਤੀ ਧੋਖਾਧੜੀ ਦੇ ਮਾਮਲਿਆਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆ, ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਨਾਗਰਿਕਾਂ ਨੂੰ ਸਾਈਬਰ ਸਾਧਨਾਂ ਰਾਹੀਂ ਕੀਤੀ ਗਈ ਕਿਸੇ ਵੀ ਵਿੱਤੀ ਧੋਖਾਧੜੀ ਦੀ ਰਿਪੋਰਟ ਕਰਨ ਲਈ ਟੋਲ-ਫ੍ਰੀ ਹੈਲਪਲਾਈਨ ਨੰਬਰ ‘1930’ ਡਾਇਲ ਕਰਨ ਦੀ ਅਪੀਲ ਕੀਤੀ ਹੈ।

ਨੈਸ਼ਨਲ ਹੈਲਪਲਾਈਨ ਨੰਬਰ ‘1930’ ਦੇ ਇਸ ਨਵੇਂ ਛੋਟੇ ਸੰਸਕਰਣ ਨੇ ਮੌਜੂਦਾ ਹੈਲਪਲਾਈਨ ਨੰਬਰ ‘155260’ ਦੀ ਥਾਂ ਲੈ ਲਈ ਹੈ, ਜਿਸ ਨੂੰ ਸ਼ੁਰੂਆਤੀ ਤੌਰ ‘ਤੇ ਗ੍ਰਹਿ ਮੰਤਰਾਲੇ (ਐਮਐਚਏ) ਵੱਲੋਂ ਪ੍ਰੋਜੈਕਟ ਸਿਟੀਜ਼ਨ ਫਾਈਨੈਂਸ਼ੀਅਲ ਸਾਈਬਰ ਫਰਾਡ ਰਿਪੋਰਟਿੰਗ ਐਂਡ ਮੈਨੇਜਮੈਂਟ ਸਿਸਟਮ (ਸੀਐਫਸੀਐਫਆਰਐਮਐਸ) ਤਹਿਤ ਸਾਈਬਰ ਵਿੱਤੀ ਧੋਖਾਧੜੀ ਦੇ ਸ਼ਿਕਾਰ ਨਾਗਰਿਕਾਂ ਦੇ ਵਿੱਤੀ ਨੁਕਸਾਨ ਨੂੰ ਰੋਕਣ ਲਈ ਸ਼ੁਰੂ ਕੀਤਾ ਗਿਆ ਸੀ।

ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਨੇ ਦੱਸਿਆ ਕਿ ਪਹਿਲਾਂ ਇਹ ਸਹੂਲਤ ਸਿਰਫ਼ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਇੱਕ ਹੀ ਹਾਟਲਾਈਨ ‘ਤੇ ਉਪਲਬਧ ਹੁੰਦੀ ਸੀ, ਜਿਸ ਨੂੰ ਹੁਣ ਅਪਗ੍ਰੇਡ ਕੀਤਾ ਗਿਆ ਹੈ ਅਤੇ ਸ਼ਿਕਾਇਤ ਦਰਜ ਕਰਦੇ ਸਮੇਂ ਲਾਈਨ ਵਿਅਸਤ ਰਹਿਣ ਦੀ ਸਮੱਸਿਆ ਦੇ ਹੱਲ ਲਈ ਇਹ ਸਹੂਲਤ ਹੁਣ ਦੋ ਹੌਟਲਾਈਨਾਂ ‘ਤੇ 24 ਘੰਟੇ ਕੰਮ ਕਰ ਰਹੀ ਹੈ।

ਡੀਜੀਪੀ ਨੇ ਕਿਹਾ, “ਹੁਣ ਨਾਗਰਿਕ 1930 ਡਾਇਲ ਕਰਕੇ ਕਿਸੇ ਵੀ ਸਮੇਂ ਸਾਈਬਰ ਵਿੱਤੀ ਧੋਖਾਧੜੀ ਬਾਰੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ।” ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਬਚਾਉਣ ਲਈ ਸਟੇਟ ਸਾਈਬਰ ਕ੍ਰਾਈਮ ਸੈੱਲ ਦੀ ਨਵੀਨਤਮ ਸਹੂਲਤਾਂ ਨਾਲ ਲੈਸ ਅਤੇ ਸਿਖਲਾਈ ਪ੍ਰਾਪਤ ਟੀਮ 24 ਘੰਟੇ ਕੰਮ ਕਰ ਰਹੀ ਹੈ।

ਏਡੀਜੀਪੀ ਸਾਈਬਰ ਕ੍ਰਾਈਮ ਜੀ. ਨਾਗੇਸ਼ਵਰ ਰਾਓ ਨੇ ਅੱਗੇ ਦੱਸਿਆ ਕਿ ਹੈਲਪਲਾਈਨ ਨੰਬਰ 1930 ‘ਤੇ ਕਾਲ ਕਰਦੇ ਸਮੇਂ, ਸ਼ਿਕਾਇਤਕਰਤਾ ਨੂੰ ਪੀੜਤ ਦੇ ਬੈਂਕ ਵੇਰਵਿਆਂ (ਖਾਤਾ ਨੰਬਰ, ਡੈਬਿਟ ਕਾਰਡ ਨੰਬਰ), ਸ਼ੱਕੀ ਲੈਣ-ਦੇਣ ਦੇ ਵੇਰਵੇ (ਟ੍ਰਾਂਜੈਕਸ਼ਨ ਆਈ.ਡੀ./ਰੈਫਰੈਂਸ ਨੰਬਰ ਜਾਂ ਬੈਂਕ ਸਟੇਟਮੈਂਟ), ਸ਼ੱਕੀ/ਦੋਸ਼ੀ ਦੇ ਵੇਰਵੇ (ਸ਼ੱਕੀ ਦਾ ਖਾਤਾ ਨੰਬਰ ਜਾਂ ਸ਼ੱਕੀ ਦਾ ਮੋਬਾਈਲ ਨੰਬਰ) ਅਤੇ ਧੋਖਾਧੜੀ ਕਰਨ ਵਾਲੇ ਦਾ ਮੋਬਾਈਲ ਨੰਬਰ ਸਮੇਤ ਹੋਰ ਜਾਣਕਾਰੀ ਦੇਣੀ ਹੋਵੇਗੀ।

ਉਨ੍ਹਾਂ ਕਿਹਾ ਕਿ ਇੱਕ ਵਾਰ ਇਸ ਹੈਲਪਲਾਈਨ ਨੰਬਰ ਰਾਹੀਂ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ, ਇੱਕ ਟਿਕਟ ਇਹ ਧਿਆਨ ਵਿੱਚ ਰੱਖਦਿਆਂ ਸਬੰਧਤ ਬੈਂਕਾਂ, ਵੈਲਟ, ਵਪਾਰੀਆਂ ਨੂੰ ਭੇਜ ਦਿੱਤੀ ਜਾਂਦੀ ਹੈ, ਕਿ ਇਹ ਪੀੜਤ ਦਾ ਬੈਂਕ ਹੈ ਜਾਂ ਉਹ ਬੈਂਕ ਜਾਂ ਵੈਲਟ ਹੈ ਜਿਸ ਵਿੱਚ ਧੋਖਾਧੜੀ ਦਾ ਪੈਸਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਜੇਕਰ ਧੋਖਾਧੜੀ ਵਾਲਾ ਪੈਸਾ ਅਜੇ ਵੀ ਉਪਲਬਧ ਹੈ ਤਾਂ ਬੈਂਕ ਇਸ ਨੂੰ ਰੋਕ ਦੇਵੇਗਾ ਅਤੇ ਧੋਖਾਧੜੀ ਕਰਨ ਵਾਲੇ ਨੂੰ ਪੈਸੇ ਕਢਵਾਉਣ ਦੀ ਆਗਿਆ ਨਹੀਂ ਦੇਵੇਗਾ। ਜੇਕਰ ਧੋਖਾਧੜੀ ਵਾਲਾ ਪੈਸਾ ਕਿਸੇ ਹੋਰ ਬੈਂਕ ਵਿੱਚ ਚਲਾ ਗਿਆ ਹੈ ਤਾਂ ਟਿਕਟ ਅਗਲੇ ਬੈਂਕ ਵਿੱਚ ਭੇਜ ਦਿੱਤੀ ਜਾਵੇਗੀ ਜਿਸ ਵਿੱਚ ਪੈਸੇ ਚਲੇ ਗਏ ਹਨ। ਇਹ ਪ੍ਰਕਿਰਿਆ ਉਦੋਂ ਤੱਕ ਦੁਹਰਾਈ ਜਾਵੇਗੀ ਜਦੋਂ ਤੱਕ ਪੈਸੇ ਨੂੰ ਧੋਖੇਬਾਜ਼ਾਂ ਦੇ ਹੱਥਾਂ ਤੱਕ ਪਹੁੰਚਣ ਤੋਂ ਬਚਾਇਆ ਨਹੀਂ ਜਾਂਦਾ।

ਇਸ ਦੌਰਾਨ, ਸ਼ਿਕਾਇਤ ਦਰਜ ਕਰਾਉਣ ‘ਤੇ, ਪੀੜਤ ਨੂੰ ਫਿਰ ਐਸਐਮਐਸ ਦੁਆਰਾ ਸ਼ਿਕਾਇਤ ਦਾ ਇੱਕ ਰਸੀਦ ਨੰਬਰ ਪ੍ਰਾਪਤ ਹੋਵੇਗਾ ਅਤੇ ਉਸਨੂੰ ਰਾਸ਼ਟਰੀ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (https://cybercrime.gov.in/) ‘ਤੇ ਧੋਖਾਧੜੀ ਦੇ ਪੂਰੇ ਵੇਰਵੇ 24 ਘੰਟੇ ਦੇ ਅੰਦਰ ਰਸੀਦ ਨੰਬਰ ਦੀ ਵਰਤੋਂ ਕਰਦਿਆਂ ਜਮ੍ਹਾ ਕਰਨ ਲਈ ਕਿਹਾ ਜਾਵੇਗਾ।

———–

LEAVE A REPLY

Please enter your comment!
Please enter your name here