ਨਵੀਂ ਦਿੱਲੀ 31, ਮਈ(ਸਾਰਾ ਯਹਾਂ/ਬਿਊਰੋ ਰਿਪੋਰਟ : )ਪਿਛਲੇ ਕਾਫ਼ੀ ਸਮੇਂ ਤੋਂ ਕਾਂਗਰਸ ਪਾਰਟੀ ’ਚ ਚੱਲਿਆ ਆ ਰਿਹਾ ਅੰਦਰੂਨੀ ਪਾਟੋਧਾੜ ਦਾ ਕਾਟੋ-ਕਲੇਸ਼ ਘਟਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਪਾਰਟੀ ਹਾਈਕਮਾਂਡ ਨੇ ਬਾਕਾਇਦਾ ਇੱਕ ਪੈਨਲ ਕਾਇਮ ਕਰ ਦਿੱਤਾ ਹੈ, ਜੋ ਪਾਰਟੀ ਦੇ ਅੰਦਰੂਨੀ ਮਤਭੇਦ ਦੂਰ ਕਰੇਗਾ।
ਅੱਜ ਸਵੇਰੇ 11 ਵਜੇ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਕਾਇਮ ਕੀਤੀ ਤਿੰਨ ਮੈਂਬਰੀ ਕਮੇਟੀ ਨੂੰ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਮਿਲੇ। ਜਾਖੜ ਬਾਰੇ ਸਮਝਿਆ ਜਾਂਦਾ ਹੈ ਕਿ ਉਹ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਹਨ, ਉੱਥੇ ਉਹ ਕਾਂਗਰਸ ਦੇ ਸਾਬਕਾ ਮੁਖੀ ਰਾਹੁਲ ਗਾਂਧੀ ਦੇ ਵੀ ਕਰੀਬੀ ਮੰਨੇ ਜਾਂਦੇ ਹਨ।
ਸੁਨੀਲ ਜਾਖੜ ਬਾਰੇ ਇਹ ਵੀ ਪ੍ਰਸਿੱਧ ਹੈ ਕਿ ਉਹ ਕਾਂਗਰਸ ਹਾਈਕਮਾਂਡ ਨੂੰ ਆਪਣੇ ਮਨ ਦੀ ਗੱਲ ਚੰਗੀ ਤਰ੍ਹਾਂ ਸਮਝਾ ਦਿੰਦੇ ਹਨ ਪਰ ਫਿਰ ਵੀ ਉਹ ਪੰਜਾਬ ਕਾਂਗਰਸ ਦੀ ਅਜਿਹੀ ਕੋਈ ਕਮੇਟੀ ਕਾਇਮ ਨਹੀਂ ਕਰ ਸਕੇ, ਜਿਹੜੀ ਸਾਬਕਾ ਕੈਬਨਿਟ ਮੰਤਰੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਿੱਖੇ ਆਲੋਚਕ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਪਾਰਟੀ ਆਗੂਆਂ ਦੀ ਗੱਲਬਾਤ ਸੁਣ ਸਕੇ ਕਿਉਂਕਿ ਇਸ ਮੁੱਦੇ ਉੱਤੇ ਕੋਈ ਆਮ ਸਹਿਮਤੀ ਹੀ ਕਾਇਮ ਨਹੀਂ ਹੋ ਸਕੀ ਸੀ।
ਸੋਨੀਆ ਗਾਂਧੀ ਵੱਲੋਂ ਕਾਇਮ ਕੀਤੇ ਪੈਨਲ ਵਿੱਚ ਮਲਿਕਾਰਜੁਨ ਖੜਗੇ, ਜੇਪੀ ਅਗਰਵਾਲ ਤੇ ਕਾਂਗਰਸ ਦੇ ਕੁੱਲ ਹਿੰਦ ਜਨਰਲ ਸਕੱਤਰ ਹਰੀਸ਼ ਰਾਵਤ ਸ਼ਾਮਲ ਹਨ। ਇਸ ਪੈਨਲ ਦਾ ਮੁੱਖ ਮੰਤਵ ਹੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਾਲੇ ਗੱਲਬਾਤ ਦਾ ਆਧਾਰ ਤਿਆਰ ਕਰਨਾ ਹੈ। ਹੁਣ ਜਦੋਂ ਅਗਲੇ ਸਾਲ 2022 ’ਚ ਪੰਜਾਬ ਵਿਧਾਨ ਸਭਾ ਹੋਣੀਆਂ ਤੈਅ ਹਨ; ਇਸੇ ਲਈ ਹਾਈ ਕਮਾਂਡ ਹੁਣ ਪਾਰਟੀ ਅੰਦਰਲੇ ਅਜਿਹੇ ਅੰਦਰੂਨੀ ਮਤਭੇਦ ਦੂਰ ਕਰਨਾ ਚਾਹੁੰਦੀ ਹੈ।
ਅੱਜ ਸੁਨੀਲ ਜਾਖੜ ਨੇ ਤਿੰਨ ਮੈਂਬਰੀ ਪਾਰਟੀ ਪੈਨਲ ਨਾਲ ਅੱਧਾ ਘੰਟਾ ਗੱਲਬਾਤ ਕੀਤੀ। ਉਨ੍ਹਾਂ ਤੋਂ ਇਲਾਵਾ ਚੋਟੀ ਦੇ ਮੰਤਰੀ ਬ੍ਰਹਮ ਮਹਿੰਦਰਾ, ਓਪੀ. ਸੋਨੀ, ਮਨਪ੍ਰੀਤ ਬਾਦਲ, ਤ੍ਰਿਪਤ ਬਾਜਵਾ, ਰਾਣਾ ਸੋਢੀ, ਸੁਖਜਿੰਦਰ ਰੰਧਾਵਾ, ਸੁੰਦਰ ਸ਼ਾਮ ਅਰੋੜਾ, ਚਰਨਜੀਤ ਚੰਨੀ, ਅਰੁਣਾ ਚੌਧਰੀ ਨੇ ਵੀ ਅੱਜ ਇਸ ਪੈਨਲ ਨਾਲ ਗੱਲਬਾਤ ਕੀਤੀ।
ਅਜਿਹੀ ਗੱਲਬਾਤ ਤਿੰਨ ਦਿਨਾਂ ਤੱਕ ਚੱਲਣੀ ਹੈ। ਇਸ ਗੱਲਬਾਤ ਦੌਰਾਨ ਕਾਂਗਰਸ ਦਾ ਅੰਦਰੂਨੀ ਰੇੜਕਾ ਖ਼ਤਮ ਕਰਨ ਦੀਆਂ ਯੋਜਨਾਵਾਂ ਹੀ ਉਲੀਕੀਆਂ ਜਾਣੀਆਂ ਹਨ। ਦਰਅਸਲ, ਸਾਲ 2019 ’ਚ ਨਵਜੋਤ ਸਿੰਘ ਸਿੱਧੂ ਦੇ ਕੈਬਨਿਟ ਤੋਂ ਬਾਹਰ ਹੋਣ ਤੋਂ ਬਾਅਦ ਹੀ ਮਤਭੇਦ ਉੱਭਰਨੇ ਸ਼ੁਰੂ ਹੋ ਗਏ ਸਨ।
ਪਾਰਟੀ ਸੂਤਰਾਂ ਅਨੁਸਾਰ ਨਵਜੋਤ ਸਿੱਧੂ ਚਾਹੁੰਦੇ ਹਨ ਕਿ ਉਨ੍ਹਾਂ ਦੀ ਵਾਪਸੀ ਕੁਝ ਸਨਮਾਨਜਨਕ ਤਰੀਕੇ ਹੋਣੀ ਚਾਹੀਦੀ ਹੈ, ਜਿਸ ਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਉਹ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਚਾਹੁੰਦੇ ਹਨ। ਉਹ ਵੀ ਨਵਜੋਤ ਸਿੱਧੂ ਹੀ ਸਨ, ਜਿਨ੍ਹਾਂ ਸੁਨੀਲ ਜਾਖੜ ਨੂੰ ਹੋਰ ਸਮਾਂ ਪ੍ਰਧਾਨ ਦੇ ਅਹੁਦੇ ਉੱਤੇ ਕਾਇਮ ਰਹਿਣ ਦੀ ਵਕਾਲਤ ਕੀਤੀ ਸੀ।
ਇਸ ਤੋਂ ਇਲਾਵਾ ਵਿਧਾਇਕ ਰਾਮ ਅਵਤਾਰ, ਗੁਰਕੀਰਤ ਸਿੰਘ, ਰਾਣਾ ਗੁਰਜੀਤ ਸਿੰਘ, ਅਰੁਣ ਡੋਗਰਾ, ਰਾਜ ਕੁਮਾਰ ਚੱਬੇਵਾਲ, ਰਾਣਾ ਕੇਪੀ, ਰਾਕੇਸ਼ ਪਾਂਡੇ ਵੀ ਇਸ ਪੈਨਲ ਨੂੰ ਮਿਲ ਰਹੇ ਹਨ। ਪਾਰਟੀ ਸੂਤਰਾਂ ਨੇ ਤਾਂ ਇੱਥੋਂ ਤੱਕ ਵੀ ਦਾਅਵਾ ਕੀਤਾ ਕਿ ਇੱਕ ਤੋਂ ਵੱਧ ਡਿਪਟੀ ਮੁੱਖ ਮੰਤਰੀ ਵੀ ਨਿਯੁਕਤ ਕੀਤੇ ਜਾ ਸਕਦੇ ਹਨ। ਇਨ੍ਹਾਂ ’ਚੋਂ ਇੱਕ ਤਾਂ ਨਵਜੋਤ ਸਿੰਘ ਸਿੱਧੂ ਪੱਕੇ ਹੋਣਗੇ ਤੇ ਦੂਜਾ ਆਗੂ ਵੀ ਪੰਜਾਬ ਦਾ ਕੋਈ ਮਜ਼ਬੂਤ ਆਗੂ ਹੀ ਹੋਵੇਗਾ।
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁਝ ਸੰਤੁਲਨ ਬਣਾ ਕੇ ਰੱਖਣਾ ਚਾਹੁੰਦੇ ਹਨ। ਉਂਝ ਉਹ ਨਵਜੋਤ ਸਿੱਧੂ ਤੇ ਕੁਝ ਹੋਰ ਵਿਧਾਇਕਾਂ ਵੱਲੋਂ ਜਨਤਾ ਵਿੱਚ ਕੀਤੀਆਂ ਕੁਝ ਤਿੱਖੀਆਂ ਟਿੱਪਣੀਆਂ ਤੋਂ ਕਾਫ਼ੀ ਨਾਰਾਜ਼ ਵੀ ਹਨ। ਪਾਰਟੀ ਸੂਤਰਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਵੇਲੇ ਮੁੱਖ ਮੰਤਰੀ ਨੂੰ ਬਦਲਣ ਬਾਰੇ ਕੁਝ ਨਹੀਂ ਸੋਚਿਆ ਜਾ ਰਿਹਾ। ਹੁਣ ਹਾਈਕਮਾਂਡ ਸਿਰਫ਼ ਪੰਜਾਬ ਕਾਂਗਰਸ ਵਿੱਚ ਪੂਰੀ ਏਕਤਾ ਚਾਹੁੰਦੀ ਹੈ।