13,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼ : ਨੌਜਵਾਨ ਭਾਰਤੀ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਤਿਹਾਸ ਵਿੱਚ ਯੁਵਰਾਜ ਸਿੰਘ ਤੋਂ ਬਾਅਦ ਦੂਜਾ ਸਭ ਤੋਂ ਮਹਿੰਗਾ ਭਾਰਤੀ ਖਿਡਾਰੀ ਬਣ ਗਿਆ ਹੈ ਜਦਕਿ ਨਿਲਾਮੀ ਵਿੱਚ ਕੁੱਲ 11 ਖਿਡਾਰੀਆਂ ਨੂੰ ਹੁਣ ਤੱਕ 10 ਕਰੋੜ ਰੁਪਏ ਜਾਂ ਇਸ ਤੋਂ ਵੱਧ ਰਕਮ ਵਿੱਚ ਖਰੀਦਿਆ ਗਿਆ ਹੈ। ਇੰਗਲੈਂਡ ਦਾ ਲਿਆਮ ਲਿਵਿੰਗਸਟੋਨ ਨੀਲਾਮੀ ਦੇ ਦੂਜੇ ਦਿਨ 11.50 ਕਰੋੜ ਰੁਪਏ ਵਿੱਚ ਵਿਕਿਆ। ਉਸ ਨੂੰ ਪੰਜਾਬ ਕਿੰਗਜ਼ ਨੇ ਖਰੀਦਿਆ।
ਮੁੰਬਈ ਇੰਡੀਅਨਜ਼ ਨੇ ਈਸ਼ਾਨ ਕਿਸ਼ਨ ਨੂੰ ਸਨਰਾਈਜ਼ਰਸ ਹੈਦਰਾਬਾਦ ਤੋਂ 15 ਕਰੋੜ 25 ਲੱਖ ਰੁਪਏ ‘ਚ ਖਰੀਦਿਆ। ਇਸ ਦੇ ਨਾਲ ਹੀ, ਟੀਮਾਂ ਨੇ ਤੇਜ਼ ਗੇਂਦਬਾਜ਼ਾਂ ਵਿੱਚ ਦਿਲਚਸਪੀ ਦਿਖਾਈ, ਜਦੋਂਕਿ ਅਨਕੈਪਡ (ਜਿਨ੍ਹਾਂ ਨੇ ਅੰਤਰਰਾਸ਼ਟਰੀ ਮੈਚ ਨਹੀਂ ਖੇਡੇ) ਖਿਡਾਰੀਆਂ ਦੀ ਵੀ ਭਾਰੀ ਬੋਲੀ ਲਗਾਈ ਗਈ।
ਤੇਜ਼ ਗੇਂਦਬਾਜ਼ ਦੀਪਕ ਚਾਹਰ ‘ਚ ਕਈ ਟੀਮਾਂ ਨੇ ਦਿਲਚਸਪੀ ਦਿਖਾਈ ਪਰ ਅੰਤ ‘ਚ ਚੇਨਈ ਸੁਪਰ ਕਿੰਗਜ਼ ਨੇ 14 ਕਰੋੜ ਰੁਪਏ ਖਰਚ ਕੇ ਉਨ੍ਹਾਂ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਚਾਹਰ ਤੋਂ ਇਲਾਵਾ, ਜਿਨ੍ਹਾਂ ਤੇਜ਼ ਗੇਂਦਬਾਜ਼ਾਂ ਨੂੰ ਵੱਡੀ ਰਕਮ ਮਿਲੀ, ਉਨ੍ਹਾਂ ਵਿੱਚ ਸ਼ਾਰਦੁਲ ਠਾਕੁਰ (ਦਿੱਲੀ ਕੈਪੀਟਲਜ਼, 10.75 ਕਰੋੜ ਰੁਪਏ), ਪਿਛਲੇ ਸੀਜ਼ਨ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਹਰਸ਼ਲ ਪਟੇਲ (ਰਾਇਲ ਚੈਲੇਂਜਰਜ਼ ਬੈਂਗਲੁਰੂ, 10.75 ਕਰੋੜ ਰੁਪਏ), ਪ੍ਰਾਨੰਦ ਕ੍ਰਿਸ਼ਨ (ਰਾਜਸਥਾਨ ਰਾਇਲਜ਼) ਸ਼ਾਮਲ ਹਨ।
ਇਸ ਤੋਂ ਇਲਾਵਾ ਲਾਕੀ ਫਰਗੂਸਨ (ਗੁਜਰਾਤ ਟਾਈਟਨਸ, 10 ਕਰੋੜ ਰੁਪਏ), ‘ਅਨਕੈਪਡ’ ਅਵੇਸ਼ ਖਾਨ (ਲਖਨਊ ਸੁਪਰਜਾਇੰਟਸ, 10 ਕਰੋੜ ਰੁਪਏ), ਕਾਗਿਸੋ ਰਬਾਡਾ (ਪੰਜਾਬ ਕਿੰਗਜ਼, 9.25 ਕਰੋੜ), ਟ੍ਰੇਂਟ ਬੋਲਟ (ਰਾਇਲਜ਼, ਰੁ. 8 ਕਰੋੜ), ਜੋਸ਼ ਹੇਜ਼ਲਵੁੱਡ (ਰਾਇਲ ਚੈਲੇਂਜਰਜ਼ ਬੰਗਲੌਰ, 7.75 ਕਰੋੜ) ਅਤੇ ਮਾਰਕ ਵੁੱਡ (ਲਖਨਊ ਸੁਪਰਜਾਇੰਟਸ, 7.50 ਕਰੋੜ) ਪ੍ਰਮੁੱਖ ਹਨ
ਵਿਕਟਕੀਪਰਾਂ ਨੇ ਵੀ ਟੀਮਾਂ ਨੂੰ ਆਕਰਸ਼ਿਤ ਕੀਤਾ ਤੇ ਈਸ਼ਾਨ ਨੂੰ ਸਭ ਤੋਂ ਵੱਧ ਪੈਸਾ ਮਿਲਿਆ, ਜਿਸ ਲਈ ਮੁੰਬਈ ਅਤੇ ਹੈਦਰਾਬਾਦ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਈਸ਼ਾਨ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। 2011 ਵਿਸ਼ਵ ਕੱਪ ਵਿੱਚ ਭਾਰਤ ਦੀ ਜਿੱਤ ਦੇ ਹੀਰੋ ਰਹੇ ਯੁਵਰਾਜ ਨੂੰ 2015 ਦੇ ਸੀਜ਼ਨ ਤੋਂ ਪਹਿਲਾਂ ਦਿੱਲੀ ਡੇਅਰਡੇਵਿਲਜ਼ (ਹੁਣ ਦਿੱਲੀ ਕੈਪੀਟਲਜ਼) ਨੇ ਰਿਕਾਰਡ 16 ਕਰੋੜ ਰੁਪਏ ਵਿੱਚ ਖਰੀਦਿਆ ਸੀ।
ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਹੈ, ਜਿਸ ਨੂੰ ਰਾਜਸਥਾਨ ਰਾਇਲਜ਼ ਨੇ 2021 ਦੀ ਮਿੰਨੀ ਨਿਲਾਮੀ ਵਿੱਚ 16.25 ਕਰੋੜ ਰੁਪਏ ਵਿੱਚ ਖਰੀਦਿਆ ਸੀ। ਭਾਰਤ ਦੇ ਸਟਾਈਲਿਸ਼ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਕੇਕੇਆਰ ਨੇ 12 ਕਰੋੜ 25 ਲੱਖ ਰੁਪਏ ਵਿੱਚ ਤੇ ਸ਼੍ਰੀਲੰਕਾ ਦੇ ਆਲਰਾਊਂਡਰ ਵਾਨਿੰਦੂ ਹਸਾਰੰਗਾ ਨੂੰ ਆਰਸੀਬੀ ਨੇ 10.75 ਕਰੋੜ ਰੁਪਏ ਵਿੱਚ ਖਰੀਦਿਆ।
ਵੈਸਟਇੰਡੀਜ਼ ਦੇ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਨੂੰ ਸਨਰਾਈਜ਼ਰਜ਼ ਨੇ 10.75 ਕਰੋੜ ਰੁਪਏ ਵਿੱਚ ਖਰੀਦਿਆ। ਦਿਨੇਸ਼ ਕਾਰਤਿਕ ਨੂੰ ਆਰਸੀਬੀ ਨੇ ਸਾਢੇ ਪੰਜ ਕਰੋੜ ਰੁਪਏ ਵਿੱਚ ਸ਼ਾਮਲ ਕੀਤਾ ਸੀ ਜਦਕਿ ਜੌਨੀ ਬੇਅਰਸਟੋ ਨੂੰ ਪੰਜਾਬ ਕਿੰਗਜ਼ ਨੇ ਸਾਢੇ ਸੱਤ ਕਰੋੜ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਸੀ। ਅੰਬਾਤੀ ਰਾਇਡੂ ਨੂੰ ਚੇਨਈ ਨੇ ਉਸੇ ਰਕਮ ਵਿੱਚ ਦੁਬਾਰਾ ਖਰੀਦਿਆ ਹੈ।
ਆਵੇਸ਼ ਆਈਪੀਐਲ ਨਿਲਾਮੀ ਵਿੱਚ ਸਭ ਤੋਂ ਵੱਧ ਕੀਮਤ ਵਿੱਚ ਵਿਕਣ ਵਾਲਾ ਅਨਕੈਪਡ ਖਿਡਾਰੀ ਬਣ ਗਏ। ਅਨਕੈਪਡ ਖਿਡਾਰੀਆਂ ਵਿੱਚ, ਗੁਜਰਾਤ ਨੇ ਰਾਹੁਲ ਤੇਵਤਿਆ ‘ਤੇ 9 ਕਰੋੜ ਰੁਪਏ ਖਰਚ ਕੀਤੇ, ਜਦੋਂ ਕਿ ਪੰਜਾਬ ਨੇ ਸ਼ਾਹਰੁਖ ਖਾਨ ਲਈ ਇੰਨੀ ਹੀ ਰਕਮ ਖਰਚ ਕੀਤੀ ਤੇ ਹਰਪ੍ਰੀਤ ਬਰਾੜ ਨੂੰ 3.80 ਕਰੋੜ ਰੁਪਏ ਵਿੱਚ ਖਰੀਦਿਆ। ਕੇਕੇਆਰ ਨੇ ਸ਼ਿਵਮ ਮਾਵੀ ਨੂੰ 7.25 ਕਰੋੜ ਰੁਪਏ ਵਿੱਚ ਆਪਣੀ ਟੀਮ ਵਿੱਚ ਦੁਬਾਰਾ ਸ਼ਾਮਲ ਕੀਤਾ।
ਸਨਰਾਈਜ਼ਰਜ਼ ਨੇ ਰਾਹੁਲ ਤ੍ਰਿਪਾਠੀ ਲਈ 8.50 ਕਰੋੜ ਰੁਪਏ ਅਤੇ ਅਭਿਸ਼ੇਕ ਸ਼ਰਮਾ ਲਈ 6.50 ਕਰੋੜ ਰੁਪਏ ਦੀ ਬੋਲੀ ਲਗਾਈ। ਰਾਇਲਸ ਨੇ ਰਿਆਨ ਪਰਾਗ ਨੂੰ 3.80 ਕਰੋੜ ਰੁਪਏ ‘ਚ ਖਰੀਦਿਆ, ਜਦਕਿ ਮੁੰਬਈ ਨੇ ਦੱਖਣੀ ਅਫਰੀਕਾ ਦੇ ਡੇਵਾਲਡ ਬ੍ਰੇਵਿਸ ਨੂੰ 3 ਕਰੋੜ ‘ਚ ਖਰੀਦਿਆ। ਦਿੱਲੀ ਦੇ ਵਿਕਟਕੀਪਰ ਅਨੁਜ ਰਾਵਤ 3.40 ਕਰੋੜ ਰੁਪਏ ‘ਚ ਆਰਸੀਬੀ ‘ਚ ਸ਼ਾਮਲ ਹੋਏ ਜਦਕਿ ਸਪਿਨਰ ਆਰ ਸਾਈ ਕਿਸ਼ੋਰ 3 ਕਰੋੜ ਰੁਪਏ ‘ਚ ਗੁਜਰਾਤ ‘ਚ ਸ਼ਾਮਲ ਹੋਏ।
ਭਾਰਤ ਦੇ ਸਟਾਰ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੂੰ ਰਾਜਸਥਾਨ ਰਾਇਲਸ ਨੇ 6.50 ਕਰੋੜ ਰੁਪਏ ਵਿੱਚ ਅਤੇ ਰਾਹੁਲ ਚਾਹਰ ਨੂੰ ਪੰਜਾਬ ਕਿੰਗਜ਼ ਨੇ 5.25 ਕਰੋੜ ਵਿੱਚ ਖਰੀਦਿਆ ਹੈ। ਦਿੱਲੀ ਨੇ ਕੁਲਦੀਪ ਯਾਦਵ ਨੂੰ ਦੋ ਕਰੋੜ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ।
ਕੇਕੇਆਰ ਨੇ ਇੱਕ ਵਾਰ ਫਿਰ ਆਸਟਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ 7.25 ਕਰੋੜ ਰੁਪਏ ਵਿੱਚ ਖਰੀਦਿਆ, ਜਦੋਂ ਕਿ ਪਿਛਲੀ ਵਾਰ ਉਹ 15 ਕਰੋੜ ਰੁਪਏ ਵਿੱਚ ਵਿਕੇ ਸਨ। ਭਾਰਤ ਦੇ ਸੀਨੀਅਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਵੀ ਪੰਜਾਬ ਨੇ 8 ਕਰੋੜ 25 ਲੱਖ ਰੁਪਏ ‘ਚ ਖਰੀਦਿਆ।
ਤਜਰਬੇਕਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਰਾਜਸਥਾਨ ਰਾਇਲਸ ਨੇ 5 ਕਰੋੜ ਰੁਪਏ ‘ਚ ਖਰੀਦਿਆ ਜਦਕਿ ਨੌਜਵਾਨ ਬੱਲੇਬਾਜ਼ ਦੇਵਦੱਤ ਪਡਿਕਲ ਨੂੰ ਰਾਜਸਥਾਨ ਰਾਇਲਸ ਨੇ 8 ਕਰੋੜ ਰੁਪਏ ‘ਚ ਖਰੀਦਿਆ। ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਗੁਜਰਾਤ ਟਾਈਟਨਸ ਨੇ 7 ਕਰੋੜ ਰੁਪਏ ਵਿੱਚ ਖਰੀਦਿਆ ਅਤੇ ਕਵਿੰਟਨ ਡੀ ਕਾਕ ਨੂੰ ਲਖਨਊ ਨੇ ਉਸੇ ਕੀਮਤ ਵਿੱਚ ਖਰੀਦਿਆ।
ਆਸਟ੍ਰੇਲੀਆ ਦੇ ਹਮਲਾਵਰ ਬੱਲੇਬਾਜ਼ ਡੇਵਿਡ ਵਾਰਨਰ ਨੂੰ ਦਿੱਲੀ ਨੇ 6 ਕਰੋੜ 25 ਲੱਖ ਰੁਪਏ ‘ਚ ਖਰੀਦਿਆ ਜਦਕਿ ਦੱਖਣੀ ਅਫਰੀਕਾ ਦੇ ਫਾਫ ਡੂ ਪਲੇਸੀ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 7 ਕਰੋੜ ‘ਚ ਖਰੀਦਿਆ।
ਵੈਸਟਇੰਡੀਜ਼ ਦੇ ਆਲਰਾਊਂਡਰ ਜੇਸਨ ਹੋਲਡਰ ਨੂੰ ਲਖਨਊ ਨੇ ਸਾਢੇ ਨੌਂ ਕਰੋੜ ਵਿੱਚ ਅਤੇ ਸ਼ਿਮਰੋਨ ਹੇਟਮਾਇਰ ਨੂੰ ਰਾਇਲਜ਼ ਨੇ ਸਾਢੇ ਅੱਠ ਕਰੋੜ ਵਿੱਚ ਖਰੀਦਿਆ। ਆਸਟਰੇਲੀਆ ਦੀ ਟੀ-20 ਵਿਸ਼ਵ ਕੱਪ ਫਾਈਨਲ ਜਿੱਤ ਦੇ ਹੀਰੋ ਰਹੇ ਮਿਸ਼ੇਲ ਮਾਰਸ਼ ਨੂੰ ਦਿੱਲੀ ਨੇ ਸਾਢੇ ਛੇ ਕਰੋੜ ਵਿੱਚ ਖਰੀਦਿਆ। ਭਾਰਤ ਦੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਸਨਰਾਈਜ਼ਰਜ਼ ਨੇ 8.75 ਕਰੋੜ ਰੁਪਏ ‘ਚ ਖਰੀਦਿਆ ਹੈ ਜਦਕਿ ਲਖਨਊ ਨੇ ਕ੍ਰੁਣਾਲ ਪੰਡਯਾ ਨੂੰ 8.25 ਕਰੋੜ ਰੁਪਏ ‘ਚ ਖਰੀਦਿਆ ਹੈ।
ਅਈਅਰ ਦੇ ਆਉਣ ਨਾਲ ਕੇਕੇਆਰ ਟੀਮ ਦੀ ਕਪਤਾਨੀ ਦੀ ਸਮੱਸਿਆ ਵੀ ਹੱਲ ਹੁੰਦੀ ਨਜ਼ਰ ਆ ਰਹੀ ਹੈ। ਕੇਕੇਆਰ ਨੇ ਟੀ-20 ਮਾਹਿਰ ਨਿਤੀਸ਼ ਰਾਣਾ ਨੂੰ ਵੀ 8 ਕਰੋੜ ਰੁਪਏ ਵਿੱਚ ਖਰੀਦਿਆ ਹੈ। ਚੇਨਈ ਸੁਪਰ ਕਿੰਗਜ਼ ਨੇ ਮਹਿੰਦਰ ਸਿੰਘ ਧੋਨੀ ਦੇ ਵਿਸ਼ਵਾਸਪਾਤਰ ਡਵੇਨ ਬ੍ਰਾਵੋ ਨੂੰ 4 ਕਰੋੜ ਅਤੇ ਰੌਬਿਨ ਉਥੱਪਾ ਨੂੰ 2 ਕਰੋੜ ਰੁਪਏ ਵਿੱਚ ਖਰੀਦਿਆ। ਲਖਨਊ ਦੀ ਟੀਮ ਨੇ ਦੀਪਕ ਹੁੱਡਾ ਨੂੰ 6 ਕਰੋੜ ਰੁਪਏ ‘ਚ ਖਰੀਦਿਆ।