*ਹੁਣ ਘੱਟ ਹੋਵੇਗਾ ਬੱਚਿਆਂ ‘ਤੇ ਬਸਤਿਆਂ ਦਾ ਬੋਝ, ਪੰਜਾਬ ਬੋਰਡ ਨੇ ਸਮਾਰਟ ਸਕੂਲਜ਼ ਨੂੰ ਪਹਿਨਾਇਆ ਅਮਲੀ ਜਾਮਾ*

0
35

18,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਦੀ ਨਵੀਂ ਮਾਨ ਸਰਕਾਰ ਵੱਲੋਂ ਸਮਾਰਟ ਸਕੂਲਜ਼ ਨੂੰ ਹੁਣ ਅਮਲੀ ਜਾਮਾ ਪਹਿਨਾਉਣ ਦੇ ਕੰਮ ‘ਚ ਤੇਜ਼ੀ ਲਿਆਂਦੀ ਜਾ ਰਹੀ ਹੈ। ਵਿਦਿਆਰਥੀਆਂ ‘ਤੇ ਬੈਗਾਂ ਦੀ ਬੋਝ ਘੱਟ ਕਰਨ ਦੇ ਮਕਸਦ ਨਾਲ ਹੁਣ ਨਵੀਂ ਪਹਿਲਕਦਮੀ ਕੀਤੀ ਜਾ ਰਹੀ ਹੈ। PSEB ਵੱਲੋਂ ਹੁਣ ਪਹਿਲੀ ਤੋਂ 10ਵੀਂ ਤੱਕ ਦੇ ਸਾਰੇ ਵਿਸ਼ਿਆਂ ਲਈ ਈ-ਕਿਤਾਬਾਂ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਨੂੰ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਵੀ ਕਰ ਦਿੱਤਾ ਗਿਆ ਹੈ। ਹੁਣ ਵਿਦਿਆਰਥੀ ਸਿਰਫ਼ ਇੱਕ ਕਲਿੱਕ ਨਾਲ ਮੋਬਾਈਲ ਜਾਂ ਲੈਪਟਾਪ ‘ਤੇ ਕਿਤੇ ਵੀ ਬੈਠ ਕੇ ਕਿਤਾਬਾਂ ਪੜ੍ਹ ਸਕਣਗੇ। 

ਹਾਲਾਂਕਿ ਇਨ੍ਹਾਂ ਕਿਤਾਬਾਂ ਨੂੰ ਡਾਊਨਲੋਡ ਕਰਕੇ ਅੱਗੇ ਵੇਚਣ ‘ਤੇ ਪੂਰਨ ਪਾਬੰਦੀ ਹੈ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਜਾਣਕਾਰੀ ਅਨੁਸਾਰ ਪੀ.ਐੱਸ.ਈ.ਬੀ. ਵੱਲੋਂ ਲੰਬੇ ਸਮੇਂ ਤੋਂ ਸਾਰੀਆਂ ਜਮਾਤਾਂ ਦੀਆਂ ਈ-ਬੁੱਕਸ ਤਿਆਰ ਕੀਤੀਆਂ ਜਾ ਰਹੀਆਂ ਸਨ ਅਤੇ ਕੁਝ ਵਿਸ਼ਿਆਂ ਦੀਆਂ ਕਿਤਾਬਾਂ ਵੀ ਪਹਿਲਾਂ ਹੀ ਈ-ਬੁੱਕ ਵਿੱਚ ਬਦਲ ਦਿੱਤੀਆਂ ਗਈਆਂ ਸਨ, ਪਰ ਪਿਛਲੇ ਤਿੰਨ ਸਾਲਾਂ ਵਿੱਚ ਇਸ ਪ੍ਰੋਜੈਕਟ ‘ਤੇ ਤੇਜ਼ੀ ਨਾਲ ਕੰਮ ਕਰਦੇ ਹੋਏ ਦਸਵੀਂ ਜਮਾਤ ਤੱਕ ਦੀਆਂ ਕਿਤਾਬਾਂ ਨੂੰ ਈ-ਬੁੱਕਸ ਵਿੱਚ ਬਦਲ ਦਿੱਤਾ ਗਿਆ। 

ਦਸ ਦਈਏ ਕਿ ਸਾਰੀਆਂ ਕਿਤਾਬਾਂ ਐਕਟੀਵਿਟੀਜ਼ ਅਧਾਰਤ ਹਨ। ਮੌਜੂਦਾ ਮਾਹੌਲ ਅਨੁਸਾਰ ਕਿਤਾਬਾਂ ਤਿਆਰ ਕੀਤੀਆਂ ਗਈਆਂ ਹਨ, ਤਾਂ ਜੋ ਬੱਚੇ ਖੇਡ-ਖੇਡ ਕੇ ਆਸਾਨੀ ਨਾਲ ਸਿੱਖ ਸਕਣ। 


ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਪੰਜਾਬ ਐਜੂਕੇਅਰ ਨਾਮ ਦੀ ਮੋਬਾਈਲ ਐਪ ਵੀ ਤਿਆਰ ਕੀਤੀ ਹੈ। ਇਸ ਵਿੱਚ ਵਿਦਿਆਰਥੀਆਂ ਨੂੰ ਮਨਮੋਹਕ ਵੀਡੀਓ ਅਤੇ ਆਡੀਓ ਕਲਿੱਪ ਰਾਹੀਂ ਪੜ੍ਹਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਐਪ ਵਿਦਿਆਰਥੀਆਂ ਦੇ ਸਾਫਟ ਸਕਿੱਲ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਤੋਂ ਇਲਾਵਾ ਐਪ ‘ਤੇ ਗਣਿਤ ਅਤੇ ਵਿਗਿਆਨ ਦੇ ਔਖੇ ਸਵਾਲ ਆਸਾਨੀ ਨਾਲ ਸਮਝਾਏ ਜਾਂਦੇ ਹਨ। ਦੂਜੇ ਪਾਸੇ ਸਿੱਖਿਆ ਵਿਭਾਗ ਦੀ ਟੀਮ ਜਲਦੀ ਹੀ ਦਿੱਲੀ ਦੇ ਸਕੂਲਾਂ ਦਾ ਦੌਰਾ ਕਰੇਗੀ। ਉਸ ਤੋਂ ਬਾਅਦ ਸਕੂਲਾਂ ਵਿੱਚ ਕਈ ਬਦਲਾਅ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here