*ਹੁਣ ਕੈਪਟਨ ਅਮਰਿੰਦਰ ਸਿੰਘ ਦੀ ਵਾਰੀ? ਖੇਤੀ ਮਸ਼ੀਨਰੀ ਘੁਟਾਲੇ ‘ਚ ਹੋ ਸਕਦੀ ਕਾਰਵਾਈ, ਜਾਣੋ ਕੀ ਬੋਲੇ ਖੇਤੀ ਮੰਤਰੀ ਕੁਲਦੀਪ ਧਾਲੀਵਾਲ*

0
10

18,ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼ ) :  ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਵੇਲੇ ਖੇਤੀ ਮਸ਼ੀਨਰੀ ਦੀ ਖਰੀਦ ਵਿੱਚ 150 ਕਰੋੜ ਦਾ ਘੁਟਾਲਾ ਹੋਇਆ ਹੈ। ਇਨ੍ਹਾਂ ਮਸ਼ੀਨਾਂ ਦੀ ਖਰੀਦ ਲਈ ਕੇਂਦਰ ਤੋਂ 1178 ਕਰੋੜ ਰੁਪਏ ਦੀ ਸਬਸਿਡੀ ਆਈ ਸੀ। ਸੂਬੇ ‘ਚ 3 ਸਾਲਾਂ ‘ਚ ਖਰੀਦੀਆਂ ਗਈਆਂ 11,275 ਮਸ਼ੀਨਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ। 

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਵਿਭਾਗੀ ਜਾਂਚ ਵਿੱਚ ਘਪਲੇ ਦੇ ਸਬੂਤ ਮਿਲਣ ਮਗਰੋਂ ਵਿਜੀਲੈਂਸ ਜਾਂਚ ਦੀ ਸਿਫ਼ਾਰਸ਼ ਕੀਤੀ ਹੈ। ਇਸ ਤੋਂ ਬਾਅਦ ਉਸ ਸਮੇਂ ਖੇਤੀਬਾੜੀ ਮੰਤਰਾਲਾ ਸੰਭਾਲ ਰਹੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਵੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ।

ਕੁਲਦੀਪ ਧਾਲੀਵਾਲ ਨੇ ਕਿਹਾ ਕਿ ਜਿਸ ਸਮੇਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ, ਤਾਂ ਉਸ ਸਮੇਂ ਖੇਤੀਬਾੜੀ ਵਿਭਾਗ ਵੀ ਉਨ੍ਹਾਂ ਕੋਲ ਸੀ। ਉਸ ਸਮੇਂ ਕੇਂਦਰ ਨੇ ਪਰਾਲੀ ਦੀਆਂ ਮਸ਼ੀਨਾਂ ਖਰੀਦਣ ਲਈ 1100 ਕਰੋੜ ਦੇ ਕਰੀਬ ਫੰਡ ਭੇਜਿਆ ਸੀ। ਇਸ ਫੰਡ ਵਿੱਚੋਂ ਮਸ਼ੀਨਾਂ ਵੀ ਖਰੀਦੀਆਂ ਗਈਆਂ ਸੀ, ਪਰ ਹੁਣ ਜੋ ਗੱਲ ਸਾਹਮਣੇ ਆ ਰਹੀ ਹੈ ਕਿ ਇਨ੍ਹਾਂ ਖਰੀਦੀਆਂ ਗਈਆਂ ਮਸ਼ੀਨਾਂ ‘ਚੋਂ ਕਈ ਮਸ਼ੀਨਾਂ ਗਾਇਬ ਹਨ। 

ਇਸ ਤੋਂ ਇਲਾਵਾ ਕਈ ਮਸ਼ੀਨਾਂ ਨਹੀਂ ਖਰੀਦੀਆਂ ਗਈਆਂ, ਸਿਰਫ ਕਾਗਜ਼ ‘ਤੇ ਦਿਖਾਇਆ ਗਿਆ ਕਿ ਮਸ਼ੀਨਾਂ ਖਰੀਦੀਆਂ ਗਈਆਂ ਹਨ, ਜਦੋਂ ਇਸ ਮਾਮਲੇ ‘ਤੇ ਕਾਰਵਾਈ ਕੀਤੀ ਗਈ ਤਾਂ ਸੀ ਪੰਜਾਬ ਵਿੱਚ ਕਰੀਬ 13 ਫੀਸਦੀ ਮਸ਼ੀਨਾਂ ਗਾਇਬ ਹਨ। ਇਨ੍ਹਾਂ ਮਸ਼ੀਨਾਂ ਵਿੱਚੋਂ ਮੁੱਖ ਤੌਰ ’ਤੇ ਫਰੀਦਕੋਟ ਮੁਕਤਸਰ ਸਾਹਿਬ, ਬਠਿੰਡਾ ਮਾਨਸਾ, ਫਿਰੋਜ਼ਪੁਰ ਜ਼ਿਲ੍ਹੇ ਦੀਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਸ਼ੀਨਾਂ ਗਾਇਬ ਹਨ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਰਿਪੋਰਟ ਮੁੱਖ ਮੰਤਰੀ ਪੰਜਾਬ ਨੂੰ ਭੇਜ ਦਿੱਤੀ ਗਈ ਹੈ। ਹੁਣ ਇਸ ਮਾਮਲੇ ‘ਤੇ ਕਾਰਵਾਈ ਹੋਣ ਜਾ ਰਹੀ ਹੈ ਤਾਂ ਉਸ ਸਮੇਂ ਦੇ ਖੇਤੀਬਾੜੀ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਵੀ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਜਾਵੇ ਤਾਂ ਕਾਰਵਾਈ ਹੋ ਸਕਦੀ ਹੈ। ਇਸ ਮਾਮਲੇ ਵਿੱਚ, 2018-19 ਤੇ 2021-22 ਦੇ ਸਮੇਂ ਵਿੱਚ ਲਗਪਗ 125 ਤੋਂ 150 ਕਰੋੜ ਰੁਪਏ ਦਾ ਘੁਟਲਾ ਹੋਇਆ ਹੈ।


ਧਾਲੀਵਾਲ ਨੇ ਕਿਹਾ ਕਿ ਕੇਂਦਰ ਵੱਲੋਂ ਭੇਜੇ ਫੰਡਾਂ ਵਿੱਚ ਘਪਲਾ ਹੋਇਆ ਹੈ। ਕੇਂਦਰ ਵੱਲੋਂ ਆਏ ਪੈਸੇਨਾਲ ਖੇਤੀ ਮਸ਼ੀਨ ਖਰੀਦਣੀ ਸੀ ਪਰ ਨਹੀਂ ਖਰੀਦੀ ਗਈ। ਕਰੀਬ ਡੇਢ ਸੌ ਕਰੋੜ ਦਾ ਘਪਲਾ ਹੋਇਆ ਹੈ। ਅਸੀਂ ਜਾਂਚ ਲਈ ਮੁੱਖ ਮੰਤਰੀ ਨੂੰ ਫਾਈਲ ਭੇਜ ਦਿੱਤੀ ਹੈ। ਇਸ ਸਾਰੇ ਮਾਮਲੇ ਦੀ ਅਸੀਂ ਮੁੱਖ ਮੰਤਰੀ ਨੂੰ ਬੇਨਤੀ ਕਰਾਂਗੇ ਕਿ ਉਹ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ।


ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਮਹਿਕਮੇ ਵਿੱਚ ਕੋਈ ਘਪਲਾ ਹੁੰਦਾ ਹੈ ਤਾਂ ਉਸ ਦਾ ਮੰਤਰੀ ਸਿੱਧੇ ਤੌਰ ‘ਤੇ ਇਸ ਲਈ ਜ਼ਿੰਮੇਵਾਰ ਹੁੰਦਾ ਹੈ। ਭਾਵੇਂ ਉਸ ਨੇ ਪੈਸੇ ਦੀ ਵਰਤੋਂ ਨਾ ਕੀਤੀ ਹੋਵੇ, ਪਰ ਜਦੋਂ ਇਹ ਘਪਲਾ ਹੋ ਰਿਹਾ ਸੀ ਤਾਂ ਉਸ ਸਮੇਂ ਉਨ੍ਹਾਂ ਨੂੰ ਆਪਣੇ ਵਿਭਾਗ ਦਾ ਧਿਆਨ ਰੱਖਣਾ ਚਾਹੀਦਾ ਸੀ। 

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਮੁੱਖ ਮੰਤਰੀ ਦੇ ਨਾਲ ਹੀ ਖੇਤੀਬਾੜੀ ਮੰਤਰੀ ਵੀ ਸਨ। ਇਸ ਲਈ ਉਹ ਵੀ ਇਸ ਮਾਮਲੇ ‘ਚ ਦੋਸ਼ੀ ਹਨ ਕਿ ਉਨ੍ਹਾਂ ਨੇ ਇਸ ਮਾਮਲੇ ‘ਤੇ ਧਿਆਨ ਕਿਉਂ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਅਧਿਕਾਰੀ, ਵਿਧਾਇਕ ਜਾਂ ਮੰਤਰੀ ਸ਼ਾਮਲ ਹੋਏਗਾ, ਉਸ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। 

LEAVE A REPLY

Please enter your comment!
Please enter your name here