
ਚੰਡੀਗੜ੍ਹ,08 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਖਿਲਾਫ ਚਾਰ ਸਾਲ ਬਾਅਦ ਈਡੀ ਵੱਲੋਂ ਦੁਬਾਰਾ ਫਾਈਲ ਖੋਲ੍ਹਣ ਤੋਂ ਬਾਅਦ ਹੁਣ ਪੰਜਾਬ ਦੇ 26 ਕਾਂਗਰਸੀ ਵਿਧਾਇਕ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਰਾਡਾਰ ‘ਤੇ ਹਨ। ਇਨ੍ਹਾਂ ਵਿਧਾਇਕਾਂ ਨੂੰ ਈਡੀ ਜਲਦ ਹੀ ਗੈਰਕਾਨੂੰਨੀ ਖਣਨ ਮਾਮਲੇ ‘ਚ ਨੋਟਿਸ ਜਾਰੀ ਕਰਕੇ ਜਾਂਚ ਵਿੱਚ ਸ਼ਾਮਲ ਕਰੇਗਾ।
ਈਡੀ ਨੂੰ ਦਿੱਲੀ ਤੋਂ ਹਰੀ ਝੰਡੀ ਮਿਲ ਗਈ ਹੈ। ਦਿੱਲੀ ਦੇ ਵੱਡੇ ਅਧਿਕਾਰੀ ਵੀ ਜਲੰਧਰ ਆ ਕੇ ਈਡੀ ਦੇ ਦਫਤਰ ‘ਚ ਬਹਿ ਕੇ ਫਾਈਲਾਂ ਫਰੋਲਣ ‘ਚ ਜੁੱਟ ਗਏ ਹਨ। ਈਡੀ ਜਾਂਚ ਦਾ ਦਾਇਰਾ ਵਧਾ ਰਿਹਾ ਹੈ। ਇਸ ਨਾਲ ਕੈਪਟਨ ਅਮਰਿੰਦਰ ਸਿੰਘ ਸਮੇਤ ਵਿਧਾਇਕਾਂ ‘ਚ ਹਲਚਲ ਦਾ ਮਾਹੌਲ ਹੈ।
ਪੰਜਾਬ ‘ਚ ਗੈਰਕਾਨੂੰਨੀ ਖਣਨ ਦੇ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ‘ਤੇ ਵੀ ਲੱਗਦੇ ਰਹੇ ਹਨ। ਕੈਪਟਨ ਨੇ ਪੰਜਾਬ ਦੀ ਸੱਤਾ ‘ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਗੈਰਕਾਨੂੰਨੀ ਮਾਇਨਿੰਗ ਕਰਨ ਵਾਲਿਆਂ ਨੂੰ ਸਜ਼ਾ ਦਿਵਾ ਕੇ ਹਟਣਗੇ ਪਰ ਕਾਂਗਰਸ ਸਰਕਾਰ ਬਣਦਿਆਂ ਕੈਪਟਨ ‘ਤੇ ਵੀ ਗੈਰਕਾਨੂੰਨੀ ਮਾਇਨਿੰਗ ਦੇ ਇਲਜ਼ਾਮ ਲੱਗੇ।
ਇਸ ਮੁੱਦੇ ਦੇ ਚੱਲਦਿਆਂ ਹੀ ਪੰਜਾਬ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਕੁਰਸੀ ਵੀ ਚਲੀ ਗਈ। ਇੰਨਾ ਹੀ ਨਹੀਂ ਗੈਰਕਾਨੂੰਨੀ ਖਣਨ ਮਾਮਲੇ ‘ਚ ਜਲੰਧਰ ਦੇ ਸ਼ਾਹਕੋਟ ਤੋਂ ਵਿਧਾਇਕ ਲਾਡੀ ਸ਼ੇਰੋਵਾਲੀਆ ‘ਤੇ ਮਾਮਲਾ ਵੀ ਦਰਜ ਹੋਇਆ ਤੇ ਸਟਿੰਗ ਆਪਰੇਸ਼ਨ ਦਾ ਵੀਡੀਓ ਵੀ ਵਾਇਰਲ ਹੋਇਆ। ਇਸ ਤੋਂ ਇਲਾਵਾ ਵੀ ਕਈ ਵਿਧਾਇਕਾਂ ‘ਤੇ ਗੈਰਕਾਨੂੰਨੀ ਮਾਇਨਿੰਗ ਦੇ ਇਲਜ਼ਾਮ ਲੱਗੇ। ਹੁਣ ਇਨ੍ਹਾਂ ਸਾਰੇ ਵਿਧਾਇਕਾਂ ‘ਤੇ ਈਡੀ ਦੀ ਤਲਵਾਰ ਲਟਕੇਗੀ।
