ਹੁਣ ਆਨਲਾਈਨ ਪ੍ਰਣਾਲੀ ਰਾਹੀਂ ਹੋਵੇਗੀ ਜ਼ਮੀਨ ਦੀ ਨਿਸ਼ਾਨਦੇਹੀ: ਡਿਪਟੀ ਕਮਿਸ਼ਨਰ

0
54

ਮਾਨਸਾ, 18 ਦਸੰਬਰ 18 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਜ਼ਮੀਨ ਦੀ ਨਿਸ਼ਾਨਦੇਹੀ ਦੀ ਪ੍ਰਕਿਰਿਆ ਨੂੰ ਅਸਰਦਾਰ ਅਤੇ ਪ੍ਰਭਾਵੀ ਬਣਾਉਣ ਨਿਸ਼ਾਨਦੇਹੀ ਦੀ ਸੇਵਾ ਨੂੰ ਰੈਵੀਨਿਊ ਕੋਰਟ ਮੈਨੇਜਮੈਂਟ ਸਿਸਟਮ ਦੇ ਪੋਰਟਲ (rcms.punjab.gov.in) ਰਾਹੀਂ ਆਨਲਾਈਨ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਬਿਨੈਕਾਰ ਹੁਣ ਜ਼ਮੀਨ ਦੀ ਨਿਸ਼ਾਨਦੇਹੀ ਲਈ ਆਪਣੀ ਦਰਖ਼ਾਸਤ ਨੂੰ ਆਨਲਾਈਨ ਇਸ ਪੋਰਟਲ *ਤੇ ਦਰਜ ਕਰਵਾਏਗਾ।ਇਹ ਲਿੰਕ ਮਾਲ ਵਿਭਾਗ ਦੇ ਮੁੱਖ ਪੋਰਟਲ (revenue.punjab.gov.in) *ਤੇ ਵੀ ਮੁਹੱਈਆ ਕਰਵਾ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਜ਼ਮੀਨ ਦੀ ਨਿਸ਼ਾਨਦੇਹੀ ਦੀ ਸੇਵਾ ਪ੍ਰਾਪਤ ਕਰਨ ਲਈ ਬਿਨੈਕਾਰ ਵੱਲੋਂ ਫੀਸ ਦੀ ਆਨਲਾਈਨ ਅਦਾਇਗੀ ਕਰਨ ਲਈ ਪੇਮੈਂਟ ਗੇਟਵੇਅ ਦੀ ਸੁਵਿਧਾ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਬਿਨੈਕਾਰ ਆਨਲਾਈਨ ਦਰਖ਼ਾਸਤ ਦਰਜ ਨਹੀਂ ਕਰਵਾ ਸਕਦਾ ਤਾਂ ਫਰਦ ਕੇਂਦਰ, ਸੇਵਾ ਕੇਂਦਰ ਜਾਂ ਸਰਕਲ ਮਾਲ ਅਫ਼ਸਰ ਦੇ ਦਫ਼ਤਰ ਵਿਖੇ ਜਾ ਕੇ ਆਪਣੀ ਦਰਖ਼ਾਸਤ ਦਰਜ ਕਰਵਾਈ ਜਾ ਸਕਦੀ ਹੈ ਅਤੇ ਫੀਸ ਵੀ ਨਕਦ ਜਮ੍ਹਾਂ ਕਰਵਾਈ ਜਾ ਸਕਦੀ ਹੈ ਜੋ ਕਿ ਫਰਦ ਕੇਂਦਰ ਪ੍ਰਤੀਨਿਧੀ ਵੱਲੋਂ ਪੀ.ਐਲ.ਆਰ.ਐਸ. ਦੇ ਖਾਤੇ ਵਿਚ ਜਮ੍ਹਾਂ ਕਰਵਾਈ ਜਾਵੇਗੀ ਅਤੇ ਇਸ ਸਬੰਧੀ ਰਸੀਦ ਨੰਬਰ ਵੀ ਪੋਰਟਲ *ਤੇ ਦਰਜ ਕੀਤਾ ਜਾਵੇਗਾ।
ਸਬੰਧਤ ਕਾਨੂੰਗੋ ਵੱਲੋਂ ਦਰਖ਼ਾਸਤ ਦੀ ਜਾਂਚ ਕਰਨ ਉਪਰੰਤ ਸਬੰਧਤ ਪਟਵਾਰੀ ਨੂੰ ਸੂਚਿਤ ਕਰਦੇ ਹੋਏ ਬਿਨੈਕਾਰ ਨੂੰ ਪੋਰਟਲ ਜ਼ਰੀਏ ਨਿਸ਼ਾਨਦੇਹੀ ਦੀ ਮਿਤੀ ਬਾਰੇ ਸੂਚਿਤ ਕਰੇਗਾ।ਇਸ ਬਾਰੇ ਪੋਰਟਲ ਰਾਹੀਂ ਬਿਨੈਕਾਰ ਨੂੰ ਐਸ.ਐਮ.ਐਸ. ਵੀ ਭੇਜਿਆ ਜਾ ਸਕੇਗਾ।ਜੇਕਰ ਨਿਸ਼ਾਨਦੇਹੀ ਨਹੀਂ ਕੀਤੀ ਜਾ ਸਕਦੀ ਹੋਵੇਗੀ, ਤਾਂ ਕਾਨੂੰਗੋ ਵੱਲੋਂ ਇਸ ਦੇ ਕਾਰਨਾਂ ਨੂੰ ਰਿਕਾਰਡ ਕੀਤਾ ਜਾਵੇਗਾ ਅਤੇ ਆਪਣੀ ਰਿਪੋਰਟ ਸਰਕਲ ਮਾਲ ਅਫ਼ਸਰ (ਸੀ.ਆਰ.ਓ.) ਨੂੰ ਭੇਜੀ ਜਾਵੇਗੀ।
ਜੇਕਰ ਬਿਨੈਕਰਤਾ ਨੂੰ ਤਸਦੀਕਸ਼ੁਦਾ ਰਿਪੋਰਟ ਦੀ ਹਾਰਡ ਕਾਪੀ ਲੋੜੀਂਦੀ ਹੋਵੇ ਤਾਂ ਉਹ ਇਹ ਰਿਪੋਰਟ ਫਰਦ ਕੇਂਦਰ, ਸੇਵਾ ਕੇਂਦਰ ਜਾਂ ਸਰਕਲ ਮਾਲ ਅਫ਼ਸਰ ਦੇ ਦਫ਼ਤਰ ਤੋਂ ਪ੍ਰਾਪਤ ਕਰ ਸਕੇਗਾ।ਜੇਕਰ ਕਾਨੂੰਗੋ ਵੱਲੋਂ ਨਿਸ਼ਾਨਦੇਹੀ ਕਰਨ ਵਿਚ ਅਸਮਰਥਾ ਦਿਖਾਈ ਜਾਂਦੀ ਹੈ ਅਤੇ ਸਰਕਲ ਮਾਲ ਅਫ਼ਸਰ ਉਸ ਨਾਲ ਸਹਿਮਤ ਹੈ ਤਾਂ ਬਿਨੈਕਾਰ ਇਸ ਸਬੰਧ ਵਿਚ ਆਪਣੀ ਦਰਖ਼ਾਸਤ ਸਬੰਧਤ ਐਸ.ਡੀ.ਐਮ. ਨੂੰ ਦੇ ਸਕਦਾ ਹੈ ਜਿਸ ਨੂੰ ਘੋਖ ਕੇ ਐਸ.ਡੀ.ਐਮ. ਨੂੰ ਦੇ ਸਕਦਾ ਹੈ ਜਿਸ ਨੂੰ ਘੋਖ ਕੇ ਸਬੰਧਤ ਐਸ.ਡੀ.ਐਮ. ਲੋੜੀਂਦਾ ਫੈਸਲਾ ਲੈ ਸਕੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਿਸ਼ਾਨਦੇਹੀ ਦੀ ਦਰਖ਼ਾਸਤ ਅਤੇ ਇਨ੍ਹਾਂ ਦੇ ਨਿਪਟਾਰੇ ਦੀ ਕਾਰਵਾਈ ਸਬੰਧੀ ਜਾਣਕਾਰੀ ਰੱਖਣ ਲਈ ਐਮ.ਆਈ.ਐਸ. ਵੀ ਤਿਆਰ ਕੀਤਾ ਗਿਆ ਹੈ, ਜੋ ਕਿ ਜਨਤਕ ਹੋਣ ਤੋਂ ਬਾਅਦ ਆਮ ਲੋਕਾਂ ਅਤੇ ਕੰਟਰੋਲਿੰਗ ਅਫ਼ਸਰਾਂ ਵੱਲੋਂ ਵੀ ਵੇਖਿਆ ਜਾ ਸਕੇਗਾ।ਕਿਸੇ ਵੀ ਤਰ੍ਹਾਂ ਦੇ ਸੁਝਾਅ ਜਾਂ ਪੁੱਛ ਗਿੱਛ ਲਈ ਈ—ਮੇਲ ਆਈ.ਡੀ. helpdesk.rcms.pb@gmail.com ਅਤੇ ਹੈਲਪਲਾਈਨ ਨੰਬਰ 0172—2743541 *ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here