ਮਾਨਸਾ, 3 ਅਗਸਤ (ਸਾਰਾ ਯਹਾ, ਜੋਨੀ ਜਿੰਦਲ) : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਸੀ.ਆਰ.ਪੀ.ਸੀ. 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਦੀ ਸੀਮਾ ਅੰਦਰ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ, ਮੈਰਿਜ ਪੈਲੇਸਾਂ, ਸ਼ਹਿਰਾਂ-ਪਿੰਡਾਂ ਵਿਚ ਗਾਇਕਾਂ, ਗੀਤਕਾਰਾਂ, ਬੁਲਾਰਿਆਂ ਵੱਲੋਂ ਲਗਾਏ ਜਾਣ ਵਾਲੇ ਅਖਾੜੇ, ਸਟੇਜਾਂ ਤੇ ਹਿੰਸਾ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਅਤੇ ਭਾਸ਼ਣਾ ਤੇ ਮੁਕੰਮਲ ਪਾਬੰਦੀ ਲਗਾਈ ਹੈ। ਹੁਕਮ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਅਖਾੜੇ, ਸਟੇਜਾਂ ਤੇ ਅਕਸਰ ਹਿੰਸਾ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਏ ਜਾਂਦੇ ਹਨ। ਇਨ੍ਹਾਂ ਗੀਤਾਂ ਨੂੰ ਸੁਣ ਕੇ ਆਮ ਲੋਕਾਂ ਤੋਂ ਇਲਾਵਾ ਯੁਵਾ ਪੀੜ੍ਹੀ ਦੇ ਲੜਕੇ ਅਤੇ ਲੜਕੀਆਂ ਦੇ ਆਚਰਣ ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਇਸ ਬੁਰੇ ਪ੍ਰਭਾਵ ਨੂੰ ਰੋਕਣ ਲਈ ਹਿੰਸਾ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਅਤੇ ਭਾਸ਼ਣਾ ਤੇ ਮੁਕੰਮਲ ਪਾਬੰਦੀ ਲਗਾਈ ਜਾਣੀ ਜਰੂਰੀ ਹੈ। ਇਹ ਹੁਕਮ 30 ਸਤੰਬਰ, 2020 ਤੱਕ ਲਾਗੂ ਰਹੇਗਾ।