
ਲੁਧਿਆਣਾ 18 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਲੌਕਡਾਊਨ ‘ਚ ਬੱਚਿਆਂ ਦੀ ਸਕੂਲ ਫੀਸ ਨੂੰ ਲੈ ਕੇ ਮਾਪਿਆਂ ਤੇ ਸਕੂਲ ਪ੍ਰਸ਼ਾਸਨ ਖ਼ਿਲਾਫ਼ ਵਿਵਾਦ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਅੱਜ ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਮੁੜ ਤੋਂ ਐਸੋਸੀਏਸ਼ਨ ਤੇ ਮਾਪਿਆਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਗਏ। ਮਾਪਿਆਂ ਦਾ ਕਹਿਣਾ ਹੈ ਕਿ ਹਾਈਕੋਰਟ ਨੇ ਸਾਫ ਤੌਰ ‘ਤੇ ਕਿਹਾ ਹੈ ਕਿ ਸਕੂਲ ਆਪਣੇ ਖਰਚਿਆਂ ਮੁਤਾਬਕ ਵਿਦਿਆਰਥੀਆਂ ਤੋਂ ਫੀਸ ਲੈਣ ਪਰ ਸਕੂਲ ਮਾਪਿਆਂ ਨਾਲ ਕੋਈ ਵੀ ਗੱਲਬਾਤ ਨਹੀਂ ਕਰ ਰਹੇ। ਸਗੋਂ ਪੂਰੀਆਂ ਫੀਸਾਂ ਦੀ ਮੰਗ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਕੂਲਾਂ ਨੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮਾਪਿਆਂ ਨੇ ਕਿਹਾ ਕਿ ਮਹਾਂਮਾਰੀ ਕਰਕੇ ਸਭ ਕੁਝ ਪਹਿਲਾਂ ਵਰਗਾ ਨਹੀਂ ਰਿਹਾ। ਇਸ ਕਰਕੇ ਸਕੂਲੀ ਵਿਦਿਆਰਥੀਆਂ ਨੂੰ ਫੀਸਾਂ ‘ਚ ਰਿਆਇਤ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮਕਾਰ ਠੱਪ ਹੈ, ਉਹ ਸਕੂਲਾਂ ਨਾਲ 8-10 ਸਾਲ ਤੋਂ ਜੁੜੇ ਹੋਏ ਹਨ, ਪਰ ਹੁਣ ਜਦੋਂ ਹਾਲਾਤ ਖਰਾਬ ਹਨ ਤਾਂ ਸਕੂਲ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ।
ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੀ ਆਮਦਨ ਬੰਦ ਹੈ ਤੇ ਸਕੂਲਾਂ ਦੇ ਖਰਚੇ ਵੀ ਘਟੇ ਹਨ। ਬਿਜਲੀ, ਅਧਿਆਪਕਾਂ ਤੇ ਸਕੂਲ ਦੇ ਹੋਰ ਖਰਚੇ ਘਟੇ ਹਨ ਜਿਸ ਕਰਕੇ ਉਨ੍ਹਾਂ ਨੂੰ ਵੀ ਕੁਝ ਰਾਹਤ ਮਿਲਣੀ ਚਾਹੀਦੀ ਹੈ। ਮਾਪਿਆਂ ਨੇ ਕਿਹਾ ਹਾਈਕੋਰਟ ਨੇ ਕਿਹਾ ਸਕੂਲ ਵਾਧੂ ਫੀਸਾਂ ਨਾ ਲਵੇ ਤੇ ਖਰਚੇ ਮੁਤਾਬਕ ਫੀਸਾਂ ਲੈਣ ਪਰ ਸਕੂਲ ਉਨ੍ਹਾਂ ਨੂੰ ਪੂਰੀਆਂ ਫੀਸਾਂ ਦੇਣ ਲਈ ਮਜਬੂਰ ਕਰ ਰਹੇ ਹਨ। ਪ੍ਰਸ਼ਾਸ਼ਨ ਤੱਕ ਕਈ ਵਾਰ ਪਹੁੰਚ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਰਿਆਇਤ ਨਹੀਂ ਮਿਲ ਰਹੀ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਨੂੰ ਮਾਪਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।
