ਚੰਡੀਗੜ੍ਹ 12,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਪਟਿਆਲਾ ‘ਚ ਰਾਜਪੁਰਾ ਦੇ ਇਕ ਮਕਾਨ ‘ਚ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਕਰੀਬ 12 ਘੰਟੇ ਰੋਕ ਕੇ ਰੱਖੇ ਬੀਜੇਪੀ ਦੇ ਕਰੀਬ 12 ਲੀਡਰਾਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸੋਮਵਾਰ ਸਵੇਰੇ ਛੱਡ ਦਿੱਤਾ ਗਿਆ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਐਤਵਾਰ ਇਕ ਬੀਜੇਪੀ ਲੀਡਰ ਦੇ ਘਰ ਦਾ ਘਿਰਾਓ ਕੀਤਾ ਸੀ। ਜਿਸ ‘ਚ ਬੀਜੇਪੀ ਦੀ ਪੰਜਾਬ ਇਕਾਈ ਦੇ ਸਕੱਤਰ ਸੁਭਾਸ਼ ਸ਼ਰਮਾ ਤੇ ਪਟਿਆਲਾ ਦੇ ਭੁਪੇਸ਼ ਅਗਰਵਾਲ ਸਮੇਤ ਪਾਰਟੀ ਦੇ ਕਈ ਲੀਡਰ ਮੌਜੂਦ ਸਨ।
ਬੀਜੇਪੀ ਲੀਡਰਾਂ ਨੇ ਆਪਣੇ ਵਕੀਲ ਜ਼ਰੀਏ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਨ੍ਹਾਂ ਨੂੰ ਰਾਜਪੁਰਾ ਦੇ ਇਕ ਘਰ ‘ਚ ਭੀੜ ਨੇ ਗੈਰਕਾਨੂੰਨੀ ਤੌਰ ‘ਤੇ ਰੋਕ ਕੇ ਰੱਖਿਆ ਹੈ। ਕੋਰਟ ਨੇ ਐਤਵਾਰ ਰਾਤ ਪੰਜਾਬ ਪੁਲਿਸ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਪਟੀਸ਼ਨਕਰਤਾ ਨੂੰ ਲੋੜੀਂਦੀ ਸੁਰੱਖਿਆ ਦੇ ਨਾਲ ਸੁਰੱਖਿਅਤ ਬਾਹਰ ਕੱਢਿਆ ਜਾਵੇ।
ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਜੇਪੀ ਲੀਡਰਾਂ ਨੂੰ ਸੋਮਵਾਰ ਤੜਕੇ ਕਰੀਬ ਚਾਰ ਵਜੇ ਬਾਹਰ ਕੱਢਿਆ ਗਿਆ। ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਹਲਕਾ ਲਾਠੀਚਾਰਜ ਵੀ ਕੀਤਾ।