
ਬਰਨਾਲਾ: 29 ਅਕਤੂਬਰ (ਸਾਰਾ ਯਹਾ /ਬਿਓਰੋ ਰਿਪੋਰਟ) ਪੰਜਾਬ ‘ਚ ਹੁਸ਼ਿਆਰਪੁਰ ਮਗਰੋਂ ਇੱਕ ਹੋਰ ਦਰਿੰਦਗੀ ਦੀ ਘਟਨਾ ਸਾਹਮਣੇ ਆਈ ਹੈ।ਬਰਨਾਲਾ ਜ਼ਿਲ੍ਹੇ ਦੇ ਪਿੰਡ ਦਾਨਗੜ੍ਹ ‘ਚ ਇੱਕ ਚਾਰ ਸਾਲਾ ਮਾਸੂਸ ਦਲਿਤ ਬੱਚੀ ਨਾਲ ਕੁਕਰਮ ਕੀਤਾ ਗਿਆ ਹੈ। ਇਹ ਘਿਨਾਉਣਾ ਕੰਮ ਪੀੜਤ ਬੱਚੀ ਦੇ ਗੁਆਂਢ ਵਿੱਚ ਰਹਿੰਦੇ ਇੱਕ 16-17 ਸਾਲਾ ਨੌਜਵਾਨ ਨੇ ਕੀਤਾ।ਪੁਲਿਸ ਨੇ ਪੀੜਤ ਦੀ ਮੈਡੀਕਲ ਜਾਂਚ ਕਰਵਾ ਮੁਲਜ਼ਮ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।ਫਿਲਹਾਲ ਮੁਲਜ਼ਮ ਮੌਕੇ ਤੋਂ ਫਰਾਰ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਬੱਚੀ ਨੂੰ ਆਪਣੇ ਘਰ ਲੈ ਗਿਆ, ਜਿੱਥੇ ਉਸਨੇ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦਿੱਤਾ।ਬੱਚੀ ਖੇਡਦੀ ਹੋਈ ਆਪਣੇ ਘਰ ਤੋਂ ਬਾਹਰ ਆ ਗਈ ਸੀ।ਪੁਲਿਸ ਮੁਲਜ਼ਮ ਦੀ ਭਾਲ ਵਿੱਚ ਲੱਗੀ ਹੋਈ ਹੈ ਜੋ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਗੁਲਾਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਹੀ ਪਿੰਡ ਦੇ ਇੱਕ ਲੜਕੇ ਨੇ ਦਲਿਤ ਬੱਚੀ ਨਾਲ ਕੁਕਰਮ ਕੀਤਾ ਹੈ।ਉਨ੍ਹਾਂ ਮੁਲਜ਼ਮ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ ਇਸ ਘਟਨਾ ਸਬੰਧੀ ਡੀਐਸਪੀ ਸਿਟੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ “ਚਾਰ ਸਾਲਾ ਬੱਚੀ ਨਾਲ ਦਰਿੰਦਗੀ ਦੀ ਘਟਨਾ ਵਾਪਰੀ ਹੈ ਜਿਸ ਨੂੰ ਗੁਆਂਢ ਵਿੱਚ ਰਹਿੰਦੇ ਮੁਲਜ਼ਮ ਨੇ ਅਨਜਾਮ ਦਿੱਤਾ ਹੈ।ਪੀੜਤ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ।” ਉਨ੍ਹਾਂ ਦੱਸਿਆ ਕੀ ਮੁਲਜ਼ਮ ਖਿਲਾਫ ਪੋਕਸੋ ਐਕਟ ਦੀ ਧਾਰਾ 376 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
