
ਮਾਨਸਾ,25 ਅਕਤੂਬਰ (ਸਾਰਾ ਯਹਾਂ/ਚਾਨਣ ਦੀਪ ਸਿੰਘ ਔਲਖ ) ਸਿਹਤ ਮੰਤਰੀ ਪੰਜਾਬ ਅਤੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਨਿਰਦੇਸ਼ ਅਨੁਸਾਰ ਐਂਟੀ ਡੇਂਗੂ ਕੰਪੇਨ ‘ਹਰ ਸ਼ੁਕਰਵਾਰ ਡੇਂਗੂ ਤੇ ਵਾਰ’ ਤਹਿਤ ਸ਼ੁਕਰਵਾਰ ਨੂੰ ਸਿਹਤ ਕਰਮਚਾਰੀ ਡੇਂਗੂ ਦੀ ਰੋਕਥਾਮ ਲਈ ਵਿਸ਼ੇਸ਼ ਗਤੀਵਿਧੀਆਂ ਕਰਦੇ ਹਨ। ਇਸ ਸ਼ੁੱਕਰਵਾਰ ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਮਾਨਸਾ ਡਾਕਟਰ ਹਰਦੇਵ ਸਿੰਘ ਦੇ ਹੁਕਮਾਂ ਤਹਿਤ, ਸ੍ਰੀ ਸੰਤੋਸ਼ ਭਾਰਤੀ ਜ਼ਿਲ੍ਹਾ ਐਪੀਡੀਮੋਲੋਜਿਸਟ ਦੀ ਅਗਵਾਈ ਵਿੱਚ ਸਿਹਤ ਟੀਮਾਂ ਵੱਲੋਂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਮਾਨਸਾ ਸ਼ਹਿਰ ਦੇ ਵਾਰਡ ਨੰਬਰ 24 ਨੇੜੇ ਕੇਵਲ ਦਾ ਆਰਾ ਵਿਖੇ ਜ਼ਿਲ੍ਹਾ ਐਪੀਡੀਮੋਲੋਜਿਸਟ ਸ੍ਰੀ ਸੰਤੋਸ਼ ਭਾਰਤੀ, ਸੰਜੀਵ ਕੁਮਾਰ ਹੈਲਥ ਸੁਪਰਵਾਈਜਰ, ਸਿਹਤ ਕਰਮਚਾਰੀ ਬਲਜੀਤ ਸਿੰਘ, ਕ੍ਰਿਸ਼ਨ ਕੁਮਾਰ ਇਨਸੈਕਟ ਕੁਲੈਕਟਰ ਆਦਿ ਦੀ ਟੀਮ ਨੇ ਲਾਰਵਾ ਚੈੱਕ ਕੀਤਾ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ। ਇਸ ਏਰੀਏ ਵਿੱਚ ਦੋ ਘਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਜਿਸ ਨੂੰ ਮੌਕੇ ਤੇ ਨਸ਼ਟ ਕਰਵਾਇਆ ਗਿਆ ਅਤੇ ਅੱਗੋਂ ਧਿਆਨ ਰੱਖਣ ਦੀ ਹਦਾਇਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੇ ਨਾਲ ਬਰੀਡਿੰਗ ਚੈਕਰ ਲੱਖਾ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਜਸਵੀਰ ਸਿੰਘ, ਰਜੇਸ਼, ਨਿਰਮਲ ਸਿੰਘ, ਸੰਦੀਪ ਸਿੰਘ ਮੌਜੂਦ ਸਨ।
ਡਾਕਟਰ ਮਨਜੀਤ ਕੌਰ ਐਸ ਐਮ ਓ ਬੁਢਲਾਡਾ ਦੀ ਰਹਿਨੁਮਾਈ ਹੇਠ ਹਰ ਸ਼ੁੱਕਰਵਾਰ ਡੈਗੂ ਤੇ ਵਾਰ ਤਹਿਤ ਬੁਢਲਾਡਾ ਏਰੀਏ ਵਿੱਚ ਵੀ ਮਾਈਗਰੇਟਰੀ ਆਬਾਦੀ ਦਾ ਡੋਰ ਟੂ ਡੋਰ ਡੇਂਗੂ ਸਰਵੇ ਕੀਤਾ ਗਿਆ , ਲਾਰਵਾ ਚੈੱਕ ਕੀਤਾ ਗਿਆ ਅਤੇ ਡੇਂਗੂ ਤੋਂ ਬਚਾਅ ਸੰਬੰਧੀ ਜਾਣਕਾਰੀ ਦਿੱਤੀ ਗਈ। ਸੁਖਦੇਵ ਸਿੰਘ ਬਲਾਕ ਹੈਲਥ ਸੁਪਰਵਾਈਜ਼ਰ ਬੁਢਲਾਡਾ ਅਤੇ ਉਨ੍ਹਾਂ ਦੀ ਸਮੂਹ ਸਿਹਤ ਟੀਮ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਣ ਸਬੰਧੀ ਉਪਾਅ ਅਤੇ ਇਸਦੇ ਇਲਾਜ਼ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਸਮੇਂ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਸਿਹਤ ਕਰਮਚਾਰੀ ਨੇ ਮੱਛਰ ਦੇ ਲਾਈਫ ਸਾਈਕਲ ਬਾਰੇ ਚਾਨਣਾ ਪਾਇਆ। ਸੁਖਦੇਵ ਸਿੰਘ ਸਿਹਤ ਸੁਪਰਵਾਈਜ਼ਰ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਡੇਂਗੂ , ਮਲੇਰੀਆ ਤੇ ਚਿਕਨਗੁਨੀਏ ਦਾ ਮੱਛਰ ਪਾਣੀ ਵਿਚ ਪਨਪਦਾ ਹੈ ਅਤੇ ਕਿਸ ਤਰ੍ਹਾਂ ਇਸ ਤੋਂ ਬਚਾਅ ਕਰਨਾ ਹੈ। ਇਸ ਮੌਕੇ ਸਿਹਤ ਕਰਮਚਾਰੀ ਇਦਰਪ੍ਰੀਤ ਸਿੰਘ, ਅਮਨ ਚਹਿਲ, ਆਦਿ ਹਾਜ਼ਰ ਸਨ।
