ਬੁਢਲਾਡਾ/ਬਰੇਟਾ 11 ਅਪ੍ਰੈੱਲ(ਸਾਰਾ ਯਹਾਂ/ਮੁੱਖ ਸੰਪਾਦਕ)ਅੱਜ ਪਿੰਡ ਕੁਲਰੀਆਂ ਵਿਖੇ ਕਿਸਾਨ ਆਗੂ ਮਹਿੰਦਰ ਸਿੰਘ ਕੁਲਰੀਆਂ ਦੀ ਅੰਤਿਮ ਅਰਦਾਸ ਅਤੇ ਸੋਗ ਸਮਾਗਮ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ । ਮਹਿੰਦਰ ਸਿੰਘ ਕੁਲਰੀਆਂ ਬਲਾਕ ਬੁਢਲਾਡਾ ਦੇ ਸੀਨੀਅਰ ਮੀਤ ਪ੍ਰਧਾਨ ਸਨ ਅਤੇ ਲੰਮੇ ਸਮੇਂ ਤੋਂ ਕਿਸਾਨੀ ਘੋਲਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਰਹੇ ਸਨ ।
ਇਸ ਸਮੇਂ ਕਿਸਾਨਾਂ-ਮਜ਼ਦੂਰਾਂ ਅਤੇ ਔਰਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਭਾਕਿਯੂ (ਏਕਤਾ) ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਮਹਿੰਦਰ ਸਿੰਘ ਕੁਲਰੀਆਂ ਨੇ ਜਿੱਥੇ ਕਿਸਾਨੀ ਘੋਲਾਂ ਵਿੱਚ ਡਟਕੇ ਪੱਚੀ ਸਾਲ ਦੇ ਕਰੀਬ ਕੰਮ ਕੀਤਾ, ਉੱਥੇ ਹੀ ਉਹ ਵਿਦਿਆਰਥੀ ਜੀਵਨ ਵਿੱਚ ਵੀ ਸੰਘਰਸ਼ਾਂ ਵਿੱਚ ਮੋਹਰੀ ਰਿਹਾ । ਸੰਨ 1972 ਦੀ ਮੋਗਾ ਐਜੀਟੇਸ਼ਨ ਅਤੇ ਉਸਤੋਂ ਬਾਅਦ ਐਮਰਜ਼ੈਸੀ ਦੌਰਾਨ ਵੀ ਜੂਝਦੇ ਹੋਏ ਲੰਮਾ ਸਮਾਂ ਜੇਲ੍ਹ ਯਾਤਰਾ ਕੀਤੀ । ਵਿਦਿਆਰਥੀ ਜੀਵਨ ਤੋਂ ਹੀ ਉਸਨੂੰ ਲੋਕ ਸੇਵਾ ਵਿੱਚ ਯੋਗਦਾਨ ਪਾਉਣ ਦੀ ਗੁੜਤੀ ਮਿਲੀ ਹੋਈ ਸੀ ਅਤੇ ਬਾਅਦ ਵਿੱਚ ਕਿਸਾਨ ਜਥੇਬੰਦੀ ਵਿੱਚ ਵੀ ਉਸਨੇ ਵੱਖ ਵੱਖ ਆਹੁੱਦਿਆਂ ਉੱਤੇ ਰਹਿ ਕੇ ਸੰਘਰਸ਼ਾਂ ਦੀ ਅਗਵਾਈ ਕੀਤੀ ਅਤੇ ਕਈ ਦਫਾ ਜੇਲ੍ਹ ਗਏ ਅਤੇ ਮੁਕੇਦਮੇ ਦਰਜ ਹੋਏ ।
ਭਾਕਿਯੂ (ਏਕਤਾ) ਡਕੌਂਦਾ ਵੱਲੋਂ ਪਿੰਡ ਕੁਲਰੀਆਂ ਵਿੱਚ ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਵਾਉਣ ਲਈ ਵਿੱਢੇ ਘੋਲ ਵਿੱਚ ਵੀ ਮਹਿੰਦਰ ਸਿੰਘ ਬਿਮਾਰੀ ਦੀ ਹਾਲਤ ਵਿੱਚ ਡਟਿਆ ਰਿਹਾ ਅਤੇ ਪਿੰਡ ਪੱਧਰ ਉੱਤੇ ਲੋਕਾਂ ਦੀ ਅਗਵਾਈ ਦਾ ਰੋਲ ਅਦਾ ਕਰਦਾ ਰਿਹਾ । ਪਿੰਡ ਕੁਲਰੀਆਂ ਵਿੱਚ ਕਿਸਾਨਾਂ ਦੀ ਜਮੀਨ ਬਚਾਉਣ ਦਾ ਮੋਰਚਾ ਜਾਰੀ ਹੈ, ਜਿਸਦੀ ਅਗਵਾਈ ਮਹਿੰਦਰ ਸਿੰਘ ਕਰ ਰਹੇ ਸਨ । ਉਸਦਾ ਵਿਚਕਾਰੋਂ ਚਲੇ ਜਾਣ ਦਾ ਜੋ ਘਾਟਾ ਜਥੇਬੰਦੀ ਨੂੰ ਪਿਆ ਹੈ ਉਸਨੂੰ ਪੂਰੀ ਕਰਨਾ ਹੀ ਮਹਿੰਦਰ ਸਿੰਘ ਕੁਲਰੀਆਂ ਨੂੰ ਸੱਚੀ ਸਰਧਾਂਜਲੀ ਹੋਵੇਗੀ ।
ਇਸ ਸਮੇਂ ਬੋਲਦਿਆਂ ਇਨਕਲਾਬੀ ਕੇਂਦਰ ਦੇ ਸੂਬਾਈ ਆਗੂ ਅਤੇ ਉੱਘੇ ਲੇਖਕ ਰਣਜੀਤ ਲਹਿਰਾ ਨੇ ਸਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਜਿੱਥੇ ਸਾਥੀ ਮਹਿੰਦਰ ਸਿੰਘ ਕੁਲਰੀਆਂ ਕਿਸਾਨ ਆਗੂ ਸਨ ਉੱਥੇ ਲਹਿਰਾਂ ਵਿੱਚ ਵੀ ਕੰਮ ਕਰਦੇ ਰਹੇ ਸਨ । ਉਹ ਇਨਕਲਾਬੀ ਲਹਿਰ ਦੇ ਕੱਟੜ ਸਮਰਥਕ ਸਨ ਅਤੇ ਐਮਰਜੈਸੀ ਦੌਰਾਨ ਵੀ ਉਨ੍ਹਾਂ ਨੇ ਕਈ ਘਾਲਨਾਵਾਂ ਕੀਤੀਆਂ ਅਤੇ ਕਰੀਬ ਨੌ ਮਹੀਨੇ ਜੇਲ ਵਿੱਚ ਕੈਦ ਰਹੇ । ਮੋਗਾ ਕਾਂਡ ਤੋਂ ਬਾਅਦ ਵਿਦਿਆਰਥੀ ਲਹਿਰ, ਬੱਸ ਕਿਰਾਇਆ ਘੋਲ ਵਿੱਚ ਵੀ ਮਹਿੰਦਰ ਸਿੰਘ ਨੇ ਬਣਦਾ ਯੋਗਦਾਨ ਪਾਇਆ ।
ਇਸ ਮੌਕੇ ਸਰਧਾਂਜਲੀ ਭੇਂਟ ਕਰਨ ਵਾਲੇ ਆਗੂਆਂ ਵਿੱਚ ਭਾਕਿਯੂ (ਏਕਤਾ) ਡਕੌਂਦਾ ਦੇ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ ਸਮੇਤ ਭਰਾਤਰੀ ਜਥੇਬੰਦੀਆਂ ਦੇ ਕਈ ਆਗੂਆਂ ਨੇ ਜਿੰਨਾਂ ਵਿੱਚ ਲਛਮਣ ਸਿੰਘ ਚੱਕ ਅਲੀਸ਼ੇਰ, ਰਾਮਫਲ ਸਿੰਘ ਜੁਗਰਾਜ ਸਿੰਘ, ਦਸੌਂਦਾ ਸਿੰਘ ਬਹਾਦਰਪੁਰ, ਭਗਵੰਤ ਸਿੰਘ ਸਮਾਉ, ਨਿੱਕਾ ਸਿੰਘ ਬਹਾਦਰਪੁਰ ਅਤੇ ਜਮਹੂਰੀ ਅਧਿਕਾਰ ਲਹਿਰ ਦੇ ਆਗੂ ਜਗਜੀਤ ਸਿੰਘ ਭੁਟਾਲ ਅਤੇ ਹੋਰ ਵੀ ਇਨਸਾਫ਼ ਪਸੰਦ ਜਥੇਬੰਦੀਆਂ ਦੇ ਆਗੂ ਅਤੇ ਨੁਮਾਇੰਦੇ ਵਿਸ਼ੇਸ ਤੌਰ ‘ਤੇ ਪੁੱਜੇ ਹੋਏ ਸਨ ।