
ਚੰਡੀਗੜ੍ਹ 7 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਡੇਢ ਸਾਲ ਬਾਕੀ ਰਹਿ ਗਿਆ ਹੈ। ਸੱਤਾ ਧਿਰ ਕਾਂਗਰਸ ਵਿੱਚ ਕਾਫੀ ਖਿਲਾਰਾ ਪਿਆ ਹੋਇਆ ਹੈ। ਪੰਜਾਬ ਮਾਮਲਿਆਂ ਦੇ ਨਵੇਂ ਬਣੇ ਇੰਚਾਰਜ ਹਰੀਸ਼ ਰਾਵਤ ਬਾਗੀ ਹੋਏ ਲੀਡਰਾਂ ਨੂੰ ਮਨਾਉਣ ਵਿੱਚ ਜੁਟੇ ਹਨ। ਬੀਤੇ ਤਿਨ ਦਿਨਾਂ ‘ਚ ਕੁਝ ਤਸਵੀਰਾਂ ਐਸੀਆਂ ਵੇਖਣ ਨੂੰ ਮਿਲੀਆਂ ਜੋ ਕਾਂਗਰਸ ‘ਚ ਆਈਆਂ ਦੂਰੀਆਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਨੂੰ ਦਰਸਾਉਂਦੀਆਂ ਹਨ।
ਇਨ੍ਹਾਂ ਤਸਵੀਰਾਂ ਵਿੱਚ ਜੋ ਲੀਡਰ ਕਦੇ ਆਪਣੀ ਹੀ ਸਰਕਾਰ ਖਿਲਾਫ ਝੰਡਾ ਚੁੱਕੀ ਫਿਰਦੇ ਸੀ, ਉਨ੍ਹਾਂ ਵਿਰੋਧੀਆਂ ਖਿਲਾਫ ਆਪਣੀ ਭੜਾਸ ਕੱਢਦੇ ਨਜ਼ਰ ਆਏ। ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਖਤਮ ਕਰਨ ਲਈ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਪੰਜਾਬ ਕਾਂਗਰਸ ਦੀ ਵਾਗਡੋਰ ਫੜਾਈ ਗਈ ਹੈ। ਉਨ੍ਹਾਂ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਾਇਆ ਗਿਆ ਹੈ। ਹਰੀਸ਼ ਰਾਵਤ ਦੇ ਆਉਣ ਨਾਲ ਕਾਂਗਰਸੀਆਂ ਅੰਦਰ ਉਮੀਦ ਨਜ਼ਰ ਆਉਣੀ ਸ਼ੁਰੂ ਹੋਈ ਹੈ।

ਹਰੀਸ਼ ਰਾਵਤ ਦੀ ਕੋਸ਼ਿਸ਼ ਕਰਕੇ ਹੀ ਮੋਗਾ ‘ਚ ਨਵਜੋਤ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਸਟੇਜ ਸਾਂਝਾ ਕਰਦੇ ਵੇਖਿਆ ਗਿਆ। ਉਥੇ ਹੀ ਪਟਿਆਲਾ ‘ਚ ਪ੍ਰਤਾਪ ਸਿੰਘ ਬਾਜਵਾ ਵੀ ਕਾਂਗਰਸੀ ਮੰਚ ‘ਤੇ ਵਿਰੋਧੀਆਂ ਖਿਲਾਫ਼ ਲਲਕਾਰੇ ਮਾਰਦੇ ਨਜ਼ਰ ਆਏ। ਉਂਝ ਨਵਜੋਤ ਸਿੱਧੂ ਤਾਂ ਅਗਲੇ ਹੀ ਦਿਨ ਮੁੜ ਤੜਿੰਗ ਨਜ਼ਰ ਆਏ ਜਦੋਂ ਉਨ੍ਹਾਂ ਨੂੰ ਟਰੈਕਟਰ ਰੈਲੀ ਅੰਦਰ ਜ਼ਿਆਦਾ ਤਵੱਜੋਂ ਨਹੀਂ ਮਿਲੀ।
ਉਧਰ, ਪ੍ਰਤਾਪ ਬਾਜਵਾ ਨੇ ਤਾਂ ਮੰਨ ਲਿਆ ਹੈ ਕਿ ਆਪਸੀ ਮਤਭੇਦ ਹੋ ਸਕਦੇ ਹਨ, ਪਰ ਕੇਂਦਰ ਨਾਲ ਲੜਾਈ ਲੜਨ ਲਈ ਇੱਕਜੁੱਟ ਹੋਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਖਿਲਾਫ਼ ਖੂਬ ਭੜਾਸ ਕੱਢੀ ਸੀ। ਇੱਥੋਂ ਤੱਕ ਕਿ ਬਾਜਵਾ ਨੇ ਕੈਪਟਨ ਤੇ ਜਾਖੜ ਦੀ ਜੋੜੀ ਨੂੰ ਕਾਂਗਰਸ ਲਈ ਖ਼ਤਰਾ ਕਰਾਰ ਦਿੱਤਾ ਸੀ। ਬਾਜਵਾ ਨੇ ਕਿਹਾ ਸੀ ਕਿ ਜੇਕਰ ਪੰਜਾਬ ‘ਚ ਕਾਂਗਰਸ ਦੀ ਸਰਕਾਰ ਕਾਇਮ ਰੱਖਣੀ ਹੈ ਤਾਂ ਇਸ ਜੋੜੀ ਨੂੰ ਬਦਲਣਾ ਪਵੇਗਾ। ਬਾਜਵਾ ਦੇ ਨਾਲ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੁਲੋ ਨੇ ਵੀ ਕੈਪਟਨ ਖਿਲਾਫ਼ ਮੋਰਚਾ ਖੋਲ੍ਹਿਆ ਸੀ।
ਹੁਣ ਹਰੀਸ਼ ਰਾਵਤ ਦੀ ਅਗਲੀ ਜ਼ਿੰਮੇਵਾਰੀ ਸ਼ਮਸ਼ੇਰ ਦੁਲੋ ਨੂੰ ਮਨਾਉਣ ਦੀ ਹੋਵੇਗੀ। ਰਾਵਤ ਲਈ ਵੱਡੀ ਚੁਣੌਤੀ ਹੋਵੇਗੀ ਕਿ ਦੋਵਾਂ ਸੰਸਦ ਮੈਂਬਰਾਂ ਨੂੰ ਇਕੱਠੇ ਕਰਕੇ ਕੈਪਟਨ ਨਾਲ ਬੈਠਾਉਣ। ਕਿਸਾਨਾਂ ਦੇ ਮੁੱਦੇ ‘ਤੇ ਸਾਰੀਆਂ ਪਾਰਟੀਆਂ ਨੇ ਇੱਕ ਤਰ੍ਹਾਂ ਨਾਲ ਚੋਣ ਬਿਗੁਲ ਵਜਾ ਦਿੱਤਾ ਹੈ। ਅਜਿਹੇ ਵਿੱਚ ਕਾਂਗਰਸ ਕੋਲ ਇੱਕਜੁੱਟ ਹੋਣ ਤੇ ਰੁੱਸਿਆਂ ਨੂੰ ਮਨਾਉਣ ਲਈ ਸਮਾਂ ਕਾਫੀ ਥੋੜ੍ਹਾ ਹੈ
