*ਹਰਿਆਣਾ ਸਰਕਾਰ ਲਈ ਨਵੀਂ ਮੁਸੀਬਤ, ਐਕਸਪ੍ਰੈੱਸ ਵੇਅ ਲਈ ਜ਼ਮੀਨ ਦੇ ਕਬਜ਼ੇ ਖਿਲਾਫ ਡਟੇ ਕਿਸਾਨ*

0
39

ਡੱਬਵਾਲੀ/ਬਠਿੰਡਾ25,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਹਰਿਆਣਾ ਸਰਕਾਰ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਅੰਮ੍ਰਿਤਸਰ-ਜਾਮ ਨਗਰ ਐਕਸਪ੍ਰੈੱਸ ਵੇਅ ਲਈ ਐਕੁਆਇਰ ਕੀਤੀ ਜ਼ਮੀਨ ਦੇ ਕਬਜ਼ੇ ਖਿਲਾਫ ਕਿਸਾਨ ਡਟ ਗਏ ਹਨ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪਹਿਲਾਂ ਸਹੀ ਮੁਆਵਜ਼ਾ ਦਿੱਤਾ ਜਾਵੇ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ, ਫਿਰ ਹੀ ਜ਼ਮੀਨ ਦਾ ਕਬਜ਼ਾ ਦਿੱਤਾ ਜਾਵੇਗਾ।

ਅੱਜ ਅੰਮ੍ਰਿਤਸਰ-ਜਾਮ ਨਗਰ ਐਕਸਪ੍ਰੈੱਸ ਵੇਅ ਲਈ ਕਬਜ਼ਾ ਪ੍ਰਕਿਰਿਆ ਤੇ ਜ਼ਮੀਨ ਉਜਾੜੇ ਖ਼ਿਲਾਫ਼ ਤਿੰਨ ਕਿਸਾਨ ਪਿੰਡ ਡੱਬਵਾਲੀ ਵਿਖੇ ਵਾਟਰ ਵਰਕਸ ਦੀ ਟੈਂਕੀ ‘ਤੇ ਚੜ੍ਹ ਗਏ। ਸੂਚਨਾ ਮਿਲਣ ‘ਤੇ ਪ੍ਰਸ਼ਾਸਨ ਵਿਚ ਹੜਕੰਪ ਮੱਚ ਗਿਆ। ਟੈਂਕੀ ‘ਤੇ ਚੜ੍ਹਨ ਵਾਲਿਆਂ ‘ਚ ਚੌਟਾਲਾ ਦੇ ਕਿਸਾਨ ਆਗੂ ਰਾਕੇਸ਼ ਫਗੋੜੀਆ, ਪਿੰਡ ਜੋਗੇਵਾਲਾ ਦੇ ਦੋ ਕਿਸਾਨ ਸੁਰਜੀਤ ਸਿੰਘ ਤੇ ਸਤਨਾਮ ਸਿੰਘ ਸ਼ਾਮਲ ਹਨ। ਟੈਂਕੀ ਦੇ ਹੇਠਾਂ ਕਿਸਾਨਾਂ ਵਲੋਂ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਸਰਕਾਰ ਨੇ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸ ਵੇਅ (ਐਨਐਚ-754) ਲਈ ਗ੍ਰਹਿਣ ਜ਼ਮੀਨ ਦੀ ਕਬਜ਼ਾ ਪੰਜਾਬ ਦੀ ਸਰਹੱਦ ਤੋਂ ਕਰੀਬ 17 ਕਿਲੋਮੀਟਰ ਪਿੰਡ ਅਬੁੱਬਸ਼ਹਿਰ ਤੱਕ ਲੈ ਲਿਆ ਹੈ। ਡੱਬਵਾਲੀ ਹਲਕੇ ’ਚ ਐਕਸਪ੍ਰੈਸ ਵੇਅ ਦਾ ਕਰੀਬ 34.8 ਕਿਲੋਮੀਟਰ ਖੇਤਰ ਆਉਂਦਾ ਹੈ। ਕਿਸਾਨਾਂ ਨੇ ਗ੍ਰੀਨ ਫੀਲਡ ’ਚ 70 ਮੀਟਰ ਗ੍ਰਹਿਣ ਰਕਬੇ ਤੋਂ ਬਾਹਰਲੀ ਜ਼ਮੀਨ ਕਬਜ਼ੇ ’ਚ ਲੈਣ ਤੇ ਖੜ੍ਹੀਆਂ ਫ਼ਸਲਾਂ ਉਜਾੜਨ ਬਾਰੇ ਐਨਐਚਏਆਈ/ ਪ੍ਰਸ਼ਾਨਿਕ ਅਫ਼ਸਰਾਂ ਖਿਲਾਫ਼ ਸਿਟੀ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ।

ਕਿਸਾਨਾਂ ਨੇ ਡੱਬਵਾਲੀ ਪਿੰਡ ਵਿਖੇ ਪਰਿਵਾਰਾਂ ਸਮੇਤ ਟਰੈਕਟਰਾਂ ’ਤੇ ਖੱਟਰ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਪ੍ਰਸ਼ਾਸਨ ਵੱਲੋਂ ਐਸਡੀਐਮ ਡੱਬਵਾਲੀ, ਤਿੰਨ ਡੀਐਸਪੀ ਤੇ ਪੰਜ ਐਸਐਚਓ ਤੇ ਸੱਤ ਡਿਊਟੀ ਮਜਿਸਟਰੇਟਾਂ ਦੀ ਅਗਵਾਈ ਹੇਠ ਐਕਸਪ੍ਰੈੱਸ ਹਾਈਵੇ ਲਈ ਕਬਜ਼ਾ ਕਾਰਵਾਈ ਤਾਇਨਾਤ ਹਨ।

ਕਿਸਾਨ ਆਗੂ ਦਇਆ ਰਾਮ ਉਲਾਨੀਆ ਨੇ ਕਿਹਾ ਕਿ ਪਿੰਡ ਜੋਗੇਵਾਲਾ, ਪਿੰਡ ਡੱਬਵਾਲੀ ਤੇ ਅਲੀਕਾਂ ’ਚ ਪ੍ਰਸ਼ਾਸਨ ਵੱਲੋਂ ਗ੍ਰੀਨ ਫੀਲਡ ’ਚ ਜ਼ਮੀਨ ਦਾ ਕਬਜ਼ਾ ਲੈਣ ਸਮੇਂ ਬਹੁਤ ਥਾਈਂ ਵੱਧ ਜ਼ਮੀਨ ਕਬਜ਼ੇ ਹੇਠ ਲੈ ਲਈ। ਉਨ੍ਹਾਂ ਕਿਹਾ ਕਿ ਪਹਿਲਾਂ ਖੇਤਾਂ ’ਚ ਕਿਸਾਨਾਂ ਵੱਲੋਂ ਵੜਨ ਨਾ ਦੇਣ ਕਰਕੇ ਪੈਮਾਇਸ਼ ਵਾਲੇ ਖੰਭੇ ਨਹੀਂ ਲਗਾਏ ਗਏ। ਹੁਣ ਮਸ਼ੀਨ ਨਾਲ ਅੰਦਾਜ਼ੇ ਵਾਲੀ ਪੈਮਾਇਸ਼ ’ਚ ਕਿਸਾਨਾਂ ਦੀ ਵੱਧ ਜ਼ਮੀਨ ਰੋਕੀ ਜਾ ਰਹੀ ਹੈ।

ਕਿਸਾਨਾਂ ਨੇ ਪੁਲਿਸ ਨੂੰ ਸ਼ਿਕਾਇਤ ’ਚ ਪ੍ਰਸ਼ਾਸਨ ਵੱਲੋਂ ਕਬਜ਼ਾ ਲੈਣ ਸਮੇਂ ਗ੍ਰਹਿਣ ਜ਼ਮੀਨ ਤੋਂ ਬਾਹਰ ਖੇਤਾਂ ’ਚ ਖੜ੍ਹੀ ਸਰ੍ਹੋਂ ਤੇ ਕਣਕ ਫ਼ਸਲ ਉਜਾੜਨ ਦੇ ਦੋਸ਼ ਲਗਾਏ। ਉਨ੍ਹਾਂ 70 ਹਜ਼ਾਰ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਹੈ। 

LEAVE A REPLY

Please enter your comment!
Please enter your name here