ਚੰਡੀਗੜ੍ਹ 1 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਬੂਲ ਕੀਤਾ ਹੈ ਕਿ ਕਿਸਾਨ ਅੰਦੋਲਨ ਕਾਰਨ ਹਰਿਆਣਾ ਦੀਆਂ ਨਗਰ ਕੌਂਸਲ ਤੇ ਨਿਗਮ ਚੋਣਾਂ ’ਚ ਭਾਜਪਾ ਦੀ ਕਾਰਗੁਜ਼ਾਰੀ ਮਾੜੀ ਰਹੀ। ਦੱਸ ਦੇਈਏ ਕਿ ਭਾਜਪਾ ਨੇ ਜੇਜੇਪੀ ਨਾਲ ਮਿਲ ਕੇ ਚੋਣਾਂ ਲੜੀਆਂ ਸਨ ਪਰ ਉਸ ਨੂੰ ਸਿਰਫ਼ ਇੱਕ ਨਗਰ ਨਿਗਮ ਦੇ ਮੇਅਰ ਦੀ ਚੋਣ ਜਿੱਤਣ ’ਚ ਸਫ਼ਲਤਾ ਮਿਲ ਸਕੀ। ਕਾਂਗਰਸ ਤੇ ਹਰਿਆਣਾ ਜਨ ਚੇਤਨਾ ਪਾਰਟੀ ਨੇ ਹੀ ਸਾਰੇ ਸ਼ਹਿਰਾਂ ’ਚ ਮੇਅਰ ਦੀਆਂ ਬਾਕੀ ਸੀਟਾਂ ਉੱਤੇ ਕਬਜ਼ਾ ਕੀਤਾ।
ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਕੀ ਭਾਜਪਾ ਦੀ ਹਾਰ ਪਿੱਛੇ ਕਿਸਾਨ ਅੰਦੋਲਨ ਹੈ, ਤਾਂ ਉਨ੍ਹਾਂ ਕਿਹਾ ਕਿ ਮਾੜੇ ਹਾਲਾਤ ਕਾਰਨ ਅਜਿਹਾ ਵਾਪਰਿਆ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਦੀ ਕਾਰਗੁਜ਼ਾਰੀ ਕਾਂਗਰਸ ਦੇ ਮੁਕਾਬਲੇ ਬਿਹਤਰ ਰਹੀ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਜਪਾ ਨੇ 36 ਵਾਰਡਾਂ ’ਚ ਜਿੱਤ ਹਾਸਲ ਕੀਤੀ, ਜਦ ਕਿ ਕਾਂਗਰਸ ਸਿਰਫ਼ 19 ਵਾਰਡਾਂ ’ਚ ਜਿੱਤ ਸਕੀ। ‘ਅਸੀਂ ਫਿਰ ਵੀ ਅੱਗੇ ਹਾਂ।’
ਕਿਸਾਨ ਅੰਦੋਲਨ ਬਾਰੇ ਖੱਟਰ ਨੇ ਕਿਹਾ, ‘ਕਿਸਾਨ ਸਾਡੇ ਭਰਾ ਹਨ। ਉਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਹ ਸਖ਼ਤ ਠੰਢ ’ਚ ਰੋਸ ਮੁਜ਼ਾਹਰੇ ਕਰ ਰਹੇ ਹਨ। ਸਾਡੇ ਕੇਂਦਰੀ ਆਗੂਆਂ ਤੇ ਕਿਸਾਨਾਂ ਦੇ ਨੁਮਾਇੰਦਿਆਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਕੁਝ ਮੰਗਾਂ ਮੰਨ ਲਈਆਂ ਗਈਆਂ ਹਨ; ਬਾਕੀ ਦੇ ਮੁੱਦਿਆਂ ਉੱਤੇ 4 ਜਨਵਰੀ ਨੂੰ ਗੱਲਬਾਤ ਦੁਬਾਰਾ ਹੋਣੀ ਹੈ।’
ਹਰਿਆਣਾ ਦੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਸਾਡੀ ਮੌਜੂਦਾ ਕੇਂਦਰ ਸਰਕਾਰ ਨੇ ਪਿਛਲੇ ਛੇ ਸਾਲਾਂ ’ਚ ਕਿਸਾਨਾਂ ਲਈ ਬਹੁਤ ਕੁਝ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ’ਚ ਐਮਐਸਪੀ ਨੂੰ ਕਦੇ ਖ਼ਤਮ ਨਹੀਂ ਕੀਤਾ ਜਾਵੇਗਾ।