(ਸਾਰਾ ਯਹਾਂ/ ਮੁੱਖ ਸੰਪਾਦਕ ): : ਜ਼ਿਲ੍ਹਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਅਤੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਵੱਲੋਂ ਮਾਤਾ ਸੁੰਦਰੀ ਕਾਲਜ ਵਿੱਚ ਧੀਆਂ ਦੀ ਲੋਹੜੀ ਮੇਲਾ ਲਗਾਇਆ ਗਿਆ ਹੈ। ਜਿਸ ਵਿੱਚ ਬਠਿੰਡਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਸ਼ਮੂਲੀਅਤ ਕੀਤੀ। ਜਿੰਨਾਂ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ,ਉੱਥੇ ਭਗਵੰਤ ਮਾਨ ਦਾ ਨਾਮ ਭਗਵੰਤ ਮਾਨ ਨਹੀਂ ਬਲਕਿ ਭਗਵੰਤ ਬੇਈਮਾਨ ਕਿਹਾ।
ਲੋਹੜੀ ਮੇਲੇ ਵਿੱਚ ਪਹੁੰਚੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਪ੍ਰੰਤੂ ਅੱਜ ਹਰ ਵਰਗ ਸੜਕਾਂ ‘ਤੇ ਉੱਤਰਿਆ ਹੋਇਆ ਹੈ ਅਤੇ ਹੁਣ ਅਫਸਰ ਵੀ ਸਰਕਾਰ ਤੋਂ ਦੁਖੀ ਹੋ ਕੇ ਹੜਤਾਲ ‘ਤੇ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਜਿੱਥੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੂਸਰੇ ਨੰਬਰ ‘ਤੇ ਸੀ, ਉੱਥੇ ਹੀ ਹੁਣ ਪੰਜਾਬ 20ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 6 ਸਾਲਾਂ ਦੌਰਾਨ ਪੰਜਾਬ ਵਿਚ ਕੋਈ ਵੀ ਵਿਕਾਸ ਕਾਰਜ ਨਹੀਂ ਹੋਏ। ਉਨ੍ਹਾਂ ਕਿਹਾ ਕਿ ਜਿੱਥੇ ਕਾਂਗਰਸ ਨੇ ਪੰਜਾਬ ਦੇ ਸਿਰ ਇੱਕ ਲੱਖ ਕਰੋੜ ਦਾ ਕਰਜ਼ਾ ਚੜ੍ਹਾ ਦਿੱਤਾ ਹੈ, ਉੱਥੇ ਹੀ ਇਹਨਾਂ ਨੇ 30 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਫੇਲ ਸਰਕਾਰ ਹੈ ਕਿਉਂਕਿ ਕਿਉਂਕਿ ਇਨਾਂ ਨੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਬਦਲਾਅ ਦੀ ਬਜਾਏ ਬਦਲਾ ਲਿਆ ਹੈ, ਜਿਸ ਕਾਰਨ ਭਗਵੰਤ ਮਾਨ ਦਾ ਨਾਮ ਭਗਵੰਤ ਮਾਨ ਨਹੀਂ ਬਲਕਿ ਭਗਵੰਤ ਬੇਈਮਾਨ ਹੋਣਾ ਚਾਹੀਦਾ ਹੈ।
ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟਾਂ ‘ਤੇ ਬੋਲਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਰਕਾਰ ਨੇ ਲੋਕਾਂ ਨੂੰ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਸੀ ਅਤੇ ਹੁਣ ਸਕਿਊਰਟੀ ਦੇ ਨਾਮ ‘ਤੇ ਲੋਕਾਂ ਤੋਂ 15-15, 20-20 ਹਜ਼ਾਰ ਰੁਪਏ ਭਰਵਾਏ ਜਾ ਰਹੇ ਹਨ ਅਤੇ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਫਸਰਾਂ ਨੂੰ ਕਹਿ ਦਿੱਤਾ ਹੈ ਕਿ ਸਵੇਰੇ ਸ਼ਾਮ ਬਿਜਲੀ ਦੇ ਕੱਟ ਲਗਾਏ ਜਾਣ ਕਿਓਂਕਿ ਹਕੀਕਤ ਇਹ ਹੈ ਕਿ ਇਹਨਾਂ ਕੋਲ ਕੋਈ ਵੀ ਪਲਾਨਿੰਗ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਬਿਜਲੀ ਮਹਿਕਮੇ ਦਾ ਹਾਲ ਇਹ ਹੈ ਕਿ ਬਿਜਲੀ ਮਹਿਕਮੇ ਸਿਰ ਕਈ ਕਰੋੜ ਦਾ ਕਰਜ਼ਾ ਚੜ੍ਹ ਗਿਆ ਹੈ ਅਤੇ ਉਨ੍ਹਾਂ ਕੋਲ ਮੁਲਾਜ਼ਮਾ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਹਨ।