(ਸਾਰਾ ਯਹਾਂ/ਬਿਊਰੋ ਨਿਊਜ਼ ) : ਹਥਿਆਰ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਦੀ ਸ਼ਾਮਤ ਆ ਗਈ ਹੈ। ਭਗਵੰਤ ਮਾਨ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮਗਰੋਂ ਪੁਲਿਸ ਹਰਕਤ ਵਿੱਚ ਆ ਗਈ ਹੈ। ਰਾਏਕੋਟ ਥਾਣਾ ਸਦਰ ਪੁਲਿਸ ਵੱਲੋਂ ਹਥਿਆਰ ਕਲਚਰ ਨੂੰ ਸੋਸ਼ਲ ਮੀਡੀਆ ‘ਤੇ ਪ੍ਰਮੋਟ ਕਰਨ ਦੇ ਦੋਸ਼ਾਂ ਹੇਠ ਇੱਕ ਪੰਜਾਬੀ ਗਾਇਕ, ਗੀਤ ਦੇ ਪ੍ਰੋਡਿਊਸਰ ਤੇ ਇੱਕ ਮਿਊਜ਼ਿਕ ਕੰਪਨੀ ‘ਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਨੰਬਰ 112 ਦਰਜ ਕੀਤਾ ਗਿਆ ਹੈ।
ਜ਼ਿਲ੍ਹਾ ਲੁਧਿਆਣਾ (ਦਿਹਾਤੀ) ਪੁਲਿਸ ਮੁਖੀ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਗੀਤ ਦੇ ਪ੍ਰੋਡਿਊਸਰ ਸੱਤਾ ਡੀਕੇ ਤੇ ਗਾਇਕ ਤਾਰੀ ਕਾਸ਼ਾਪੁਰੀਆ ਵੱਲੋਂ 32 ਬੋਰ ਸਿਰਲੇਖ ਵਾਲਾ ਇਕ ਗੀਤ ‘ਡੱਬ ਵਿੱਚ ਰੱਖੀ ਦਾ ਹੈ 32 ਬੋਰ’ ਲਵ ਮਿਊਜ਼ਕ ਕੰਪਨੀ ਦੇ ਬੈਨਰ ਹੇਠ ਯੂ-ਟਿਊਬ ‘ਤੇ ਜਾਰੀ ਕੀਤਾ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਗੀਤ ਦਾ ਪ੍ਰੋਡਿਊਸਰ ਸੱਤਾ ਡੀਕੇ ਰਾਏਕੋਟ ਨੇੜਲੇ ਪਿੰਡ ਭੈਣੀ ਦਰੇੜਾਂ ਦਾ ਵਸਨੀਕ ਹੈ। ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਦਰ ਰਾਏਕੋਟ ਵਿਖੇ ਗਾਇਕ ਤਾਰੀ ਕਾਸਾਪੁਰੀਆ, ਪ੍ਰੋਡਿਊਸਰ ਸੱਤਾ ਡੀਕੇ ਤੇ ਲਵ ਮਿਊਜ਼ਕ ਕੰਪਨੀ ਦੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 188, 294,504 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ