*ਸੰਸਦ ਦੇ ਮਾਨਸੂਨ ਸੈਸ਼ਨ ਮੌਕੇ ਕਿਸਾਨਾਂ ਦੇ ਜਥੇ ਭੇਜੇ ਜਾਣਗੇ – ਸੰਯੁਕਤ ਕਿਸਾਨ ਮੋਰਚਾ*

0
19

ਮਾਨਸਾ 16 ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਸੰਯੁਕਤ ਕਿਸਾਨ ਮੋਰਚੇ ਦੇ ਫੈਸਲਿਆਂ ਨੂੰ ਲਾਗੂ ਕਰਨ ਅਤੇ ਤਿੰਨ ਖੇਤੀ ਵਿਰੋਧੀ
ਕਾਨੂੰਨਾਂ ਸਮੇਤ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਲਈ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਕਿਸਾਨ ਜਥੇਬੰਦੀਆਂ
ਦੀ ਇੱਕ ਅਹਿਮ ਮੀਟਿੰਗ ਮਹਿੰਦਰ ਸਿੰਘ ਭੈਣੀਬਾਘਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬੀ.ਕੇ.ਯੂ. ਡਕੌਂਦਾ ਦੇ ਮੱਖਣ
ਸਿੰਘ ਭੈਣੀਬਾਘਾ, ਕੁੱਲ ਹਿੰਦ ਕਿਸਾਨ ਸਭਾ ਦੇ ਜੁਗਰਾਜ ਹੀਰਕੇ, ਕ੍ਰਿਸ਼ਨ ਚੌਹਾਨ, ਬੀ.ਕੇ.ਯੂ. ਲੱਖੋਵਾਲ ਦੇ ਨਿਰਮਲ ਸਿੰਘ
ਝੰਡੂਕੇ, ਪੰਜਾਬ ਕਿਸਾਨ ਯੂਨੀਅਨ ਦੇ ਸੁਖਚਰਨ ਦਾਨੇਵਾਲੀਆ, ਕੁੱਲ ਹਿੰਦ ਕਿਸਾਨ ਸਭਾ ਪੁੰਨਾਵਾਲ ਦੇ ਕੁਲਵਿੰਦਰ
ਉੱਡਤ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ, ਬੀ.ਕੇ.ਯੂ. ਕਰਾਂਤੀਕਾਰੀ ਦੇ ਦਲਜੀਤ ਸਿੰਘ ਅਤੇ ਬੀ.ਕੇ.ਯੂ.
ਮਾਨਸਾ ਦੇ ਹਰਪ੍ਰੀਤ ਸਿੰਘ ਮੌਜੀਆ ਆਦਿ ਆਗੂ ਸ਼ਾਮਲ ਹੋਏ ਅਤੇ ਮੀਟਿੰਗ ਵਿੱਚ ਸਟੇਨ ਸੁਆਮੀ, ਫਿਲਮੀ ਹਸਤੀ
ਦਲੀਪ ਕੁਮਾਰ ਅਤੇ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਮੀਟਿੰਗ ਮੌਕੇ ਆਗੂਆਂ ਨੇ
ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਮੋਦੀ ਸਰਕਾਰ ਦੀ ਦੋਗਲੀ ਨੀਤੀ ਅਤੇ ਕਾਨੂੰਨਾਂ ਬਾਰੇ ਪੂਰੀ ਤਰ੍ਹਾਂ
ਵਾਕਫ ਹੈ ਕਿਉਂਕਿ ਪਿਛਲੇ ਸਾਢੇ ਸੱਤ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨ ਮੋਦੀ ਸਰਕਾਰ ਦੇ ਹਰ ਨਿਸ਼ਾਨੇ
ਦਾ ਟਾਕਰਾ ਕਰ ਰਹੇ ਹਨ ਅਤੇ ਸਰਕਾਰ ਵੱਲ਼ੋਂ ਵਾਰ-ਵਾਰ ਮੀਟਿੰਗਾਂ ਦੇ ਟਾਈਮ ਦੇ ਕੇ ਕੇਵਲ ਸੰਯੁਕਤ ਮੋਰਚੇ ਨੂੰ ਜਨਤਕ
ਤੌਰ ਤੇ ਬਦਨਾਮ ਕਰਨਾ ਚਾਹੁੰਦੀ ਹੈ। ਆਗੂਆਂ ਨੇ ਚੰਡੀਗੜ੍ਹ ਦੇ ਮਾਰਚ ਦਾ ਜਿਕਰ ਕਰਦਿਆਂ ਵਧਾਈ ਦਿੰਦਿਆਂ ਕਿਹਾ
ਕਿ ਅਵਾਮ ਲੋਕਾਂ ਦਾ ਮਾਰਚ ਵਿੱਚ ਸ਼ਿਰਕਤ ਕਰਨਾ ਕਿਸਾਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਹੈ। ਉਹਨਾਂ ਕਿਹਾ ਕਿ
ਮੋਰਚੇ ਦੀਆਂ ਹਦਾਇਤਾਂ ਅਤੇ ਫੈਸਲਿਆਂ ਨੂੰ ਹਰ ਹੀਲੇ ਲਾਗੂ ਕੀਤਾ ਜਾਵੇਗਾ। ਭਲਕੇ 17-07-2021 ਨੂੰ ਮੈਂਬਰ
ਪਾਰਲੀਮੈਂਟ ਅਤੇ ਸਾਬਕਾ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਨੂੰ
ਕਾਨੂੰਨਾਂ ਨੂੰ ਰੱਦ ਰਕਵਾਉਣ ਸਬੰਧੀ ਯਾਦ ਪੱਤਰ ਦਿੱਤੇ ਜਾਣਗੇ ਅਤੇ 22 ਜੁਲਾਈ ਸੰਸਦ ਦੇ ਮਾਨਸੂਨ ਸ਼ੈਸ਼ਨ ਮੌਕੇ
ਕਿਸਾਨਾਂ ਵੱਲ਼ੋਂ ਜਥੇ ਭੇਜੇ ਜਾਣਗੇ। ਜਥੇਬੰਦੀਆਂ ਦੇ ਆਗੂਆਂ ਵੱਲੋਂ ਬੀ.ਜੇ.ਪੀ. ਦੇ ਨੁਮਾਇੰਦਿਆਂ ਦਾ ਮੁਕੰਮਲ ਬਾਈਕਾਟ
ਅਤੇ ਵਿਰੋਧ ਜਾਰੀ ਰੱਖਿਆ ਜਾਵੇਗਾ ਅਤੇ ਦੂਸਰੀਆਂ ਧਿਰਾਂ ਦੇ ਆਗੂਆਂ ਨੂੰ ਕੇਵਲ ਸਵਾਲ ਕੀਤੇ ਜਾਣਗੇ। ਇਸ ਸਮੇਂ
ਮੀਟਿੰਗ ਮੌਕੇ ਵਿਸ਼ੇਸ਼ ਮਤੇ ਪਾਸ ਕੀਤੇ ਗਏ ਜਿਸ ਵਿੱਚ ਸਰਸਾ ਵਿਖੇ ਕਿਸਾਨ ਆਗੂਆਂ ਤੇ ਦੇਸ਼ ਧਰੋਹੀ ਦੇ ਪਰਚੇ ਰੱਦ
ਕਰਨ, ਬੇਰੁਜਗਾਰ ਅਧਿਆਪਕਾਂ ਤੇ ਕੀਤੇ ਜਾ ਰਹੇ ਲਾਠੀਚਾਰਜ ਦੀ ਨਿੰਦਿਆ, ਖਾਲੀ ਪਈਆਂ ਅਸਾਮੀਆਂ ਨੂੰ ਭਰਨ
ਸਬੰਧੀ ਅਤੇ ਸੰਵਿਧਾਨ ਖਿਲਾਫ ਬੋਲਣ ਵਾਲੇ ਰਾਜਨੀਤਿਕ ਲੋਕਾਂ ਦੀ ਨਿਖੇਧੀ ਕੀਤੀ ਗਈ। ਮੀਟਿੰਗ ਨੂੰ ਰੂਪ ਸਿੰਘ ਢਿੱਲੋਂ,
ਸੀਤਾ ਰਾਮ ਗੋਬਿੰਦਪੁਰਾ, ਮਨਜੀਤ ਸਿੰਘ ਉੱਲਕ, ਇਕਬਾਲ ਮਾਨਸਾ, ਮਨਜੀਤ ਸਿੰਘ ਧਿੰਗੜ, ਜੀਵਨ ਸ਼ਰਮਾ
ਬੱਪੀਆਣਾ, ਹਰਚਰਨ ਸਿੰਘ ਅਤੇ ਰਤਨ ਭੋਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here